ਜ਼ਮੀਨੀ ਝਗੜੇ ਵਿੱਚ ਜੇਠ ਵੱਲੋਂ ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਪਿੰਡ ਬਰ੍ਹੇ ਦੀ ਇੱਕ ਬਜ਼ੁਰਗ ਔਰਤ ਨੇ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਇਥੇ ਧਰਨੇ ਵਿੱਚ ਪਹੁੰਚ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਬੁੱਧਵਾਰ ਦੀ ਦੁਪਹਿਰ ਵਾਪਰੀ ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਬਜ਼ੁਰਗ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਉਸ ਦਾ ਸਸਕਾਰ ਕਰ ਦਿੱਤਾ ਗਿਆ। ਮਿਲੇ ਵੇਰਵਿਆਂ ਅਨੁਸਾਰ ਬੁਢਲਾਡਾ ਦੇ ਪਿੰਡ ਬਰ੍ਹੇ ਦੀ ਮਨਜੀਤ ਕੌਰ (65) ਧਰਨੇ ਵਿੱਚ ਆਪਣੇ ਪਤੀ ਮੇਜਰ ਸਿੰਘ ਕੋਲ ਪਹੁੰਚੀ ਅਤੇ ਉਸ ਨੇ ਉਥੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਹ ਹੋ ਬੇਹੋਸ਼ ਹੋ ਗਈ, ਜਿਸ ਦੀ ਸਿਵਲ ਹਸਪਤਾਲ ਮਾਨਸਾ ਵਿੱਚ ਜਾ ਕੇ ਮੌਤ ਹੋ ਗਈ।
ਮ੍ਰਿਤਕਾ ਦੇ ਲੜਕੇ ਸੁਖਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਜ਼ਮੀਨ ਦੇ ਠੇਕੇ ਲੈ ਕੇ ਉਸ ਦਾ ਤਾਇਆ ਤੇ ਉਸ ਦਾ ਲੜਕਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ। ਉਸ ਨੇ ਦੱਸਿਆ ਕਿ ਉਸ ਦੇ ਬਜ਼ੁਰਗ ਦਾਦਾ-ਦਾਦੀ ਉਨ੍ਹਾਂ ਨਾਲ ਹੀ ਰਹਿੰਦੇ ਹਨ। ਸੁਖਦੀਪ ਸਿੰਘ ਨੇ ਦੋਸ਼ ਲਾਇਆ ਕਿ ਇਸ ਨੂੰ ਲੈ ਕੇ ਉਸ ਦੀ ਮਾਤਾ ਮਨਜੀਤ ਕੌਰ ਪ੍ਰੇਸ਼ਾਨ ਰਹਿੰਦੀ ਸੀ, ਜਿਸਦੇ ਉਸ ਨੇ ਜ਼ਹਿਰੀਲੀ ਚੀਜ਼ ਖਾਕੇ ਜਾਨ ਦੇ ਦਿੱਤੀ।
ਥਾਣਾ ਸਿਟੀ-2 ਮਾਨਸਾ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤਰ ਸੁਖਦੀਪ ਸਿੰਘ ਦੇ ਬਿਆਨਾਂ ’ਤੇ ਬੂਟਾ ਸਿੰਘ, ਉਸ ਦੇ ਲੜਕੇ ਗੁਰਲਾਲ ਸਿੰਘ ਵਾਸੀ ਬਰ੍ਹੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।