ਪੈਨਸ਼ਨ ਨਾ ਮਿਲਣ ਕਾਰਨ ਬਜ਼ੁਰਗ ਤੇ ਵਿਧਵਾ ਔਰਤਾਂ ਪ੍ਰੇਸ਼ਾਨ
ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਨਾਲ ਬਹੁਤ ਸਾਰੇ ਅੰਗਹੀਣ, ਬਜ਼ੁਰਗਾਂ ਅਤੇ ਵਿਧਵਾ ਔਰਤਾਂ ਦਾ ਗੁਜ਼ਾਰਾ ਹੁੰਦਾ ਹੈ। ਪਰ ਹੁਣ ਜੁਲਾਈ ਮਹੀਨਾ ਬੀਤਣ ਨੂੰ ਆਇਆ ਹੈ ਅਤੇ ਸਰਕਾਰ ਵੱਲੋਂ ਇਸ ਵਾਰ ਪੈਨਸ਼ਨਧਾਰਕਾਂ ਦੇ ਖਾਤੇ ਵਿੱਚ ਪੈਨਸ਼ਨ ਨਹੀਂ ਭੇਜੀ ਗਈ। ਇਸ ਨਾਲ ਪੈਨਸ਼ਨ ਧਾਰਕਾਂ ਨੂੰ ਆਪਣਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਇਸ ਸਬੰਧੀ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਬਜ਼ੁਰਗ ਮੋਹਨ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨ ਹੋਣ ਕਾਰਨ ਉਨ੍ਹਾਂ ਨੂੰ ਕੋਈ ਕੰਮ ਵੀ ਨਹੀਂ ਮਿਲ ਰਿਹਾ। ਬਜ਼ੁਰਗ ਮੋਹਨ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਪੈਨਸ਼ਨ ਦੀ ਹੀ ਉਡੀਕ ਸੀ, ਜੋ ਅਜੇ ਤੱਕ ਨਹੀਂ ਮਿਲੀ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਦੀ ਸਿਹਤ ਠੀਕ ਨਹੀਂ ਚੱਲ ਰਹੀ ਪਰ ਪੈਨਸ਼ਨ ਨਾ ਮਿਲਣ ਕਰ ਕੇ ਉਹ ਦਵਾਈ ਵੀ ਨਹੀਂ ਲੈ ਸਕਿਆ।
ਕਈ ਵਿਧਵਾ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੁਜ਼ਾਰਾ ਸਿਰਫ਼ ਇਸ ਪੈਨਸ਼ਨ ਨਾਲ ਹੀ ਹੁੰਦਾ ਹੈ। ਪੈਨਸ਼ਨ ਨਾ ਆਉਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਨਸ਼ਨਧਾਰਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨ ਮਹੀਨੇ ਦੇ ਪਹਿਲੇ ਦਿਨਾਂ ਵਿੱਚ ਜਮ੍ਹਾਂ ਹੋਵੇ ਤਾਂ ਕਿ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਰਹੇ।