ਦੁਕਾਨ ਵਿੱਚੋਂ ਅੱਠ ਲੱਖ ਰੁਪਏ ਚੋਰੀ
ਪੰਚਾਇਤੀ ਨੀਲ ਕੰਠ ਮੰਦਰ ਨਜ਼ਦੀਕ ਇੱਕ ਕਰਿਆਨੇ ਦੀ ਥੋਕ ਦੁਕਾਨ ਦੀ ਪਿਛਲੀ ਦੀਵਾਰ ਵਿੱਚ ਚੋਰਾਂ ਨੇ ਪਾੜ ਲਾ ਕੇ ਅਲਮਾਰੀ ਵਿੱਚ ਪਏ ਅੱਠ ਲੱਖ ਰੁਪਏ ਚੋਰੀ ਕਰ ਲਏ। ਸਬੂਤ ਮਿਟਾਉਣ ਲਈ ਚੋਰ ਡੀਵੀਆਰ ਪੁੱਟ ਕੇ ਨਾਲ ਲੈ ਗਏ। ਇਸ ਚੋਰੀ ਬਾਰੇ ਦੁਕਾਨਦਾਰ ਰੋਹਿਤ ਸਿੰਗਲਾ ਨੂੰ ਸਵੇਰੇ ਦੁਕਾਨ ਖੋਲ੍ਹਣ ਤੋਂ ਬਾਅਦ ਪਤਾ ਲੱਗਿਆ। ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਭੁੱਚੋ ਪੁਲੀਸ ਚੌਕੀ ਦੇ ਇੰਚਾਰਜ ਨਿਰਮਲਜੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਫਿੰਗਰ ਪ੍ਰਿੰਟ ਟੀਮ ਨੇ ਵੀ ਸਬੂਤ ਇਕੱਠੇ ਕਰਨ ਦਾ ਯਤਨ ਕੀਤਾ। ਪੀੜਤ ਦੁਕਾਨਦਾਰ ਰੋਹਿਤ ਸਿੰਗਲਾ ਨੇ ਦੱਸਿਆ ਕਿ ਉਸ ਨੇ ਰਾਤ ਦੇ ਕਰੀਬ ਸਾਢੇ ਨੌਂ ਵਜੇ ਤੱਕ ਮੋਬਾਈਲ ਫੋਨ ’ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਸੀ। ਕੈਮਰੇ ਲਗਪਗ ਰਾਤ ਦੇ 2 ਵਜੇ ਬੰਦ ਹੋਏ ਸਨ। ਚੋਰੀ ਉਸ ਤੋਂ ਬਾਅਦ ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਹੋਣ ਕਾਰਨ ਉਹ ਨਗ਼ਦੀ ਬੈਂਕ ਵਿੱਚ ਜਮ੍ਹਾ ਨਹੀਂ ਕਰਵਾ ਸਕੇ। ਇਸ ਕਾਰਨ ਅੱਠ ਲੱਖ ਦਾ ਨੁਕਸਾਨ ਹੋ ਗਿਆ, ਪਰ ਦੁਕਾਨ ਵਿੱਚ ਹੋਰ ਜਗ੍ਹਾ ਪਏ ਢਾਈ ਲੱਖ ਰੁਪਏ ਦਾ ਬਚਾਅ ਹੋ ਗਿਆ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਚੋਰਾਂ ਨੂੰ ਜਲਦੀ ਫੜ ਲਿਆ ਜਾਵੇਗਾ।