ਬਰਾਬਰੀ ਵਾਲਾ ਜਮਹੂਰੀ ਪ੍ਰਬੰਧ ਸਮੇਂ ਦੀ ਲੋੜ: ਦੱਤ
ਸਮਿਤੀ ਤੇ ਪਰਿਸ਼ਦ ਚੋਣਾਂ ਦੇ ਮੱਦੇਨਜ਼ਰ ਇਨਕਲਾਬੀ ਕੇਂਦਰ ਨੇ ਚਰਚਾ ਕਰਵਾਈ
ਮੌਜੂਦਾ ਚੋਣਾਂ ਦੇ ਮੱਦੇਨਜ਼ਰ ਇਨਕਲਾਬੀ ਕੇਂਦਰ ਪੰਜਾਬ ਨੇ ਇੱਥੇ ਤਰਕਸ਼ੀਲ ਭਵਨ ਵਿੱਚ ‘ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ: ਪੈਸੇ, ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ’ ਵਿਸ਼ੇ ਸਬੰਧੀ ਚਰਚਾ ਡਾ. ਰਜਿੰਦਰ ਪਾਲ ਦੀ ਅਗਵਾਈ ਹੇਠ ਕਰਵਾਈ। ਬੁਲਾਰਿਆਂ ਵਜੋਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਬੀ ਕੇ ਯੂ ਏਕਤਾ ਡਕੌਂਦਾ ਦੇ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੇਂਦਰ ਆਗੂ ਜਸਪਾਲ ਚੀਮਾ ਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਚਾਇਤ ਸਮਿਤੀ/ਜ਼ਿਲ੍ਹਾ ਪਰਿਸ਼ਦ ਸਣੇ ਲਗਪਗ ਸਾਰੀਆਂ ਹੀ ਸਰਕਾਰੀ ਸੰਸਥਾਵਾਂ ਦੀਆਂ ਚੋਣਾਂ ਭਾਈਚਾਰਾ ਬਣਾਉਣ ਲਈ ਨਹੀਂ ਬਲਕਿ ਪੇਂਡੂ ਭਾਈਚਾਰਾ ਤੋੜਨ ਦਾ ਸਾਧਨ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਲੋਕਾਂ ਨੂੰ ਧਰਮਾਂ, ਜਾਤਾਂ, ਗੋਤਾਂ, ਪੱਤੀਆਂ ਆਦਿ ’ਤੇ ਵੰਡੀਆਂ ਪਾਉਂਦੇ ਹਨ ਤੇ ਨਸ਼ਿਆਂ/ ਸ਼ਰਾਬ ਦੀ ਵਰਤੋਂ ਕਰ ਕੇ ਲੋਕਾਂ ਦੀ ਚੇਤਨਾ ਨੂੰ ਵਰਗਲਾਉਂਦੇ ਹਨ। ਬਲਕਿ ਬੁਲਾਰਿਆਂ ਕਿਹਾ ਕਿ ਲੋਕਾਂ ਦੇ ਹਕੀਕੀ/ ਬੁਨਿਆਦੀ ਮਸਲਿਆਂ ’ਤੇ ਇਹ ਲੋਕ ਚੁੱਪ ਵੱਟੀ ਰੱਖਦੇ ਹਨ।
ਸ੍ਰੀ ਦੱਤ ਤੇ ਹੋਰ ਆਗੂਆਂ ਨੇ ਸੱਦਾ ਦਿੱਤਾ ਹੈ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਸਣੇ ਸਮੁੱਚੀਆਂ ਚੋਣਾਂ ਦੀ ਖੇਡ ਤੋਂ ਭਲੇ ਦੀ ਝਾਕ ਛੱਡਦਿਆਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਵਾਉਣ ਲਈ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਜਮਾਤੀ, ਤਬਕਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਕੀਤਾ ਜਾਵੇ। ਲੋਕਾਂ ਦੀ ਪੁੱਗਤ ਵਾਲੇ ਗ਼ਦਰੀ ਬਾਬਿਆਂ, ਸ਼ਹੀਦਾਂ ਦੇ ਸੁਫਨਿਆਂ ਦਾ ਬਰਾਬਰੀ ਵਾਲਾ ਨਵਾਂ ਜਮਹੂਰੀ ਪ੍ਰਬੰਧ ਸਥਾਪਿਤ ਕਰਨ ਇਨਕਲਾਬੀ ਚੇਤਨਾ ਨਾਲ ਲੈਸ ਹੋ ਕੇ ਅੱਗੇ ਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਵਾਸਤੇ ਵਿਉਂਤਬੰਦੀ ਉਲੀਕਦਿਆਂ ਖੁੱਡੀ ਕਲਾਂ, ਚੀਮਾ, ਜੋਧਪੁਰ, ਅਮਲਾ ਸਿੰਘ ਵਾਲਾ, ਹਮੀਦੀ, ਠੁੱਲੀਵਾਲ, ਮਾਂਗੇਵਾਲ, ਕੁਰੜ, ਹਰਦਾਸਪੁਰਾ, ਮਹਿਲ ਕਲਾਂ, ਧਨੇਰ, ਮੂੰਮ ਸਣੇ ਹੋਰ ਪਿੰਡਾਂ ਵਿੱਚ ਘਰ-ਘਰ ਜਾ ਕੇ ਸਾਹਿਤ (ਲੀਫਲੈੱਟ) ਵੰਡਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਵੰਡਿਆ ਜਾਣ ਵਾਲਾ ਲੀਫਲੈੱਟ ਰਿਲੀਜ਼ ਕੀਤਾ ਗਿਆ।
ਇਸ ਸਮੇਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸਿੰਘ ਠੁੱਲੀਵਾਲ, ਡਾ. ਅਮਰਜੀਤ ਸਿੰਘ ਕਾਲਸਾਂ, ਡਾ. ਜੰਗ ਸਿੰਘ, ਅਮਰਜੀਤ ਕੌਰ, ਨੀਲਮ ਰਾਣੀ, ਮਜੀਦ ਖਾਂ, ਅਜਮੇਰ ਸਿੰਘ ਕਾਲਸਾਂ, ਗੁਲਵੰਤ ਸਿੰਘ ਬਰਨਾਲਾ, ਬਲਵੰਤ ਸਿੰਘ ਉੱਪਲੀ, ਸੰਦੀਪ ਸਿੰਘ ਚੀਮਾ, ਜਗਮੀਤ ਸਿੰਘ, ਮੁਨੀਸ਼ ਕੁਮਾਰ, ਬਲਵੰਤ ਸਿੰਘ ਬਰਨਾਲਾ, ਹੇਮ ਰਾਜ, ਰਾਮ ਲਖਣ, ਕਮਲਜੀਤ ਸਿੰਘ, ਪਿਸ਼ੌਰਾ ਸਿੰਘ ਹਮੀਦੀ ਆਦਿ ਆਗੂ ਵੀ ਹਾਜ਼ਰ ਸਨ।

