ਪਰਬਤਾਰੋਹੀ ਹੁਕਮ ਚੰਦ ਅੱਗੇ ਆਰਥਿਕ ਕਮਜ਼ੋਰੀ ਪਹਾੜ ਬਣੀ
ਜਗਤਰ ਸਮਾਲਸਰ
ਏਲਨਾਬਾਦ ਦੇ ਪਰਬਤਾਰੋਹੀ ਹੁਕਮ ਚੰਦ ਉਰਫ਼ ਚਾਂਦ ਮਾਹੀ ਨੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਨੂੰ ਛੂਹ ਕੇ ਸਾਬਤ ਕਰ ਦਿੱਤਾ ਹੈ ਕਿ ਇੱਕ ਆਮ ਆਦਮੀ ਆਪਣੀ ਮਿਹਨਤ ਨਾਲ ਅਸਮਾਨ ਨੂੰ ਛੂਹ ਸਕਦਾ ਹੈ। ਪਰਬਤਾਰੋਹੀ ਹੁਕਮ ਚੰਦ ਨੇ ਬਦਤਰ ਹਾਲਾਤ ਨਾਲ ਜੂਝਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਹੁਕਮ ਚੰਦ ਦਾ ਪਰਿਵਾਰ ਏਲਨਾਬਾਦ ਦੇ ਵਾਰਡ ਨੰਬਰ 12 ਵਿੱਚ ਰਹਿ ਰਿਹਾ ਹੈ। ਵਿੱਤੀ ਤੌਰ ’ਤੇ ਪਰਿਵਾਰ ਦੀ ਹਾਲਤ ਬਹੁਤ ਕਮਜ਼ੋਰ ਹੈ। ਪਿਤਾ ਬਿਸ਼ਨਦਾਸ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਹਾਲਾਂਕਿ ਪਰਿਵਾਰ ਪੁੱਤਰ ਹੁਕਮ ਚੰਦ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਹੁਕਮ ਚੰਦ ਨੇ ਹੁਣ ਤੱਕ ਆਪਣੀ ਮਿਹਨਤ ਨਾਲ ਮਾਊਂਟ ਐਲਬਰਸ, ਮਾਸਕੋ, ਰੂਸ (ਯੂਰਪ) ਉਚਾਈ 18510 ਫੁੱਟ (ਯੂਰਪ ਦੀ ਸਭ ਤੋਂ ਉੱਚੀ ਚੋਟੀ), ਮਾਊਂਟ ਕਿਲੀਮੰਜਾਰੋ, ਦੱਖਣੀ ਅਫਰੀਕਾ ਉਚਾਈ 19341 ਫੁੱਟ, ਮਾਊਂਟ ਨੂਨ, ਕਾਰਗਿੱਲ ਲੱਦਾਖ ਉਚਾਈ 23409 ਫੁੱਟ, ਮਾਊਂਟ ਬਾਲਾ ਚੰਦਰ, ਮਨਾਲੀ (ਹਿਮਾਚਲ ਪ੍ਰਦੇਸ਼) ਉਚਾਈ 16000 ਫੁੱਟ, ਮਾਊਂਟ ਫ੍ਰੈਂਡਸ਼ਿਪ, ਮਨਾਲੀ (ਹਿਮਾਚਲ ਪ੍ਰਦੇਸ਼) ਉਚਾਈ 17352 ਫੁੱਟ ਆਦਿ ਉੱਚੀਆਂ ਚੋਟੀਆਂ ਨੂੰ ਸਫ਼ਲਤਾਪੂਰਵਕ ਫਤਹਿ ਕੀਤਾ ਹੈ। 4 ਅਕਤੂਬਰ 2022 ਨੂੰ ਉੱਤਰਕਾਸ਼ੀ (ਉੱਤਰਾਖੰਡ) ਵਿੱਚ ਬਰਫ਼ ਖਿਸਕਣ ਨਾਲ 29 ਲੋਕਾਂ ਦੀ ਜਾਨ ਚਲੀ ਗਈ ਸੀ। ਹੁਕਮ ਚੰਦ ਨੇ ਇੱਥੇ ਬਚਾਅ ਕਾਰਜਾਂ ਵਿੱਚ ਅਨੇਕ ਲੋਕਾਂ ਦੀ ਜਾਨ ਬਚਾਈ ਸੀ। ਹੁਕਮ ਚੰਦ ਇੱਕ ਲੋੜਵੰਦ ਪਰਿਵਾਰ ਨਾਲ ਸਬੰਧਤ ਹੈ। ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੇ ਇਨ੍ਹਾਂ ਸਾਰੀਆਂ ਚੋਟੀਆਂ ਨੂੰ ਫਤਹਿ ਕਰਨ ਵਿੱਚ ਹੁਕਮ ਚੰਦ ਦਾ ਪੂਰਾ ਸਹਿਯੋਗ ਕੀਤਾ ਹੈ। ਹੁਕਮ ਚੰਦ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕਾਂ ਦੀ ਮਦਦ ਨਾਲ ਹੀ ਉਸ ਨੇ ਇਨ੍ਹਾਂ ਚੋਟੀਆਂ ’ਤੇ ਭਾਰਤੀ ਝੰਡਾ ਲਹਿਰਾਇਆ ਹੈ। ਹੁਕਮ ਚੰਦ ਨੇ ਦੱਸਿਆ ਕਿ ਹੁਣ ਉਹ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਅਤੇ ਮਾਊਂਟ ਲਹੋਤਸੇ ਨੂੰ ਆਕਸੀਜਨ ਤੋਂ ਬਿਨਾਂ ਫਤਿਹ ਕਰਨਾ ਚਾਹੁੰਦਾ ਹੈ ਪਰ ਇਸ ਲਈ ਉਸ ਨੂੰ ਵਿੱਤੀ ਸਹਾਇਤਾ ਦੀ ਲੋੜ ਹੈ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਿਸ਼ਨ ਦੀ ਸਫ਼ਲਤਾ ਲਈ ਉਸ ਦੀ ਹਰ ਸੰਭਵ ਵਿੱਤੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਸ਼ਹਿਰ, ਜ਼ਿਲ੍ਹੇ ਅਤੇ ਹਰਿਆਣਾ ਦਾ ਨਾਮ ਰੋਸ਼ਨ ਕਰ ਸਕੇ।