ਬਠਿੰਡਾ ਤਹਿਸੀਲ ਦਫ਼ਤਰ ਵਿੱਚ ਈਜ਼ੀ ਰਜਿਸਟਰੀ ਟਰਾਇਲ ਸ਼ੁਰੂ
ਮਨੋਜ ਸ਼ਰਮਾ
ਬਠਿੰਡਾ, 8 ਜੁਲਾਈ
ਜ਼ਿਲ੍ਹਾ ਤਹਿਸੀਲ ਦਫ਼ਤਰ ਵਿੱਚ ਆਮ ਲੋਕਾਂ ਦੀ ਭੀੜ ਘਟਾਉਣ ਅਤੇ ਰਜਿਸਟਰੀ ਪ੍ਰਕਿਰਿਆ ਨੂੰ ਤੇਜ਼ ਬਣਾਉਣ ਲਈ ਈਜ਼ੀ ਰਜਿਸਟਰੀ ਪ੍ਰਣਾਲੀ ਦਾ ਟਰਾਇਲ ਸ਼ੁਰੂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਤਹਿਸੀਲ ਦਫ਼ਤਰ ਦਾ ਦੌਰਾ ਕਰ ਕੇ ਇਸ ਪ੍ਰਣਾਲੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਿਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵੀ ਮੌਜੂਦ ਰਹੇ।
ਡੀ.ਸੀ. ਨੇ ਦੱਸਿਆ ਕਿ ਇਸ ਪ੍ਰਣਾਲੀ ਰਾਹੀਂ ਲੋਕਾਂ ਨੂੰ ਘੰਟਿਆਂ ਲਾਈਨਾਂ ਵਿੱਚ ਖੜ੍ਹੇ ਰਹਿਣ ਦੀ ਲੋੜ ਨਹੀਂ ਪਏਗੀ। ਤਹਿਸੀਲ ਦਫ਼ਤਰ ਵਿੱਚ ਤਰਤੀਬਵਾਰ ਕਾਊਂਟਰ ਬਣਾਏ ਗਏ ਹਨ ਤੇ ਸਹਾਇਤਾ ਲਈ ਕਰਮਚਾਰੀ ਅਤੇ ਸੇਵਾਮੁਕਤ ਪਟਵਾਰੀ ਜਾਂ ਕਾਨੂੰਗੋ ਮੌਜੂਦ ਰਹਿਣਗੇ।
ਸਮੇਂ ਦੀ ਬਚਤ ਲਈ, ਰਜਿਸਟਰੀ ਸਬੰਧੀ ਦਸਤਾਵੇਜ 48 ਘੰਟਿਆਂ ਵਿੱਚ ਆਨਲਾਈਨ ਅੱਪਲੋਡ ਕੀਤੇ ਜਾਣਗੇ। ਦਸਤਾਵੇਜ਼ਾਂ ਦੀ ਜਾਂਚ ਉਪਰੰਤ ਜੇਕਰ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਨ੍ਹਾਂ ਨੂੰ ਆਨਲਾਈਨ ਸੂਚਿਤ ਕੀਤਾ ਜਾਵੇਗਾ। ਦਸਤਾਵੇਜ਼ ਸਹੀ ਹੋਣ ’ਤੇ ਪ੍ਰਵਾਨਗੀ ਮਿਲਣ ਮਗਰੋਂ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਪ੍ਰਣਾਲੀ ਟਰਾਇਲ ਅਧੀਨ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ ਤੇ ਜੇ ਲੋੜ ਪਈ ਤਾਂ ਹੋਰ ਸੁਧਾਰ ਵੀ ਕੀਤੇ ਜਾਣਗੇ।
ਲੋਕਾਂ ਦੀ ਖੱਜਲ-ਖੁਆਰੀ ਹੋਵੇਗੀ ਬੰਦ: ਸੰਧਵਾਂ
ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਸੇਵਾਵਾਂ ਨੂੰ ਤੇਜ਼, ਪਾਰਦਰਸ਼ੀ ਅਤੇ ਆਸਾਨ ਬਣਾਉਣ ਦੇ ਇਰਾਦੇ ਨਾਲ ਸ਼ੁਰੂ ਕੀਤੀ ‘ਈਜ਼ੀ ਰਜਿਸਟਰੀ ਪ੍ਰਣਾਲੀ’ ਦੀ ਕੋਟਕਪੂਰਾ ਤਹਿਸੀਲ ਵਿੱਚ ਸ਼ੁਰੂਆਤ ਹੋ ਗਈ ਹੈ। ਹੁਣ ਇੱਥੇ ਜ਼ਮੀਨ ਜਾਇਦਾਦ ਦੀ ਰਜਿਸਟਰੀ ਸਿਰਫ 48 ਘੰਟਿਆਂ ਅੰਦਰ ਹੋ ਜਾਵੇਗੀ। ਇਸ ਪ੍ਰਣਾਲੀ ਦੇ ਸ਼ੁੁਰੂ ਹੋਣ ਨਾਲ ਲੋਕਾਂ ਦੀ ਤਹਿਸੀਲ ਦਫ਼ਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਬਿਲਕੁਲ ਬੰਦ ਹੋ ਜਾਵੇਗੀ। ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਰਜਿਸਟਰੀ ਤੋਂ ਪਹਿਲਾਂ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ’ਤੇ ਫੋਨ ਕਰਕੇ ਸੇਵਾ ਸਹਾਇਕ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ। ਇਸ ਨਾਲ ਪਿੰਡਾਂ ਵਿੱਚ ਜਾਂ ਦੂਰ-ਦੁਰਾਡੇ ਰਹਿਣ ਵਾਲੇ ਪਰਿਵਾਰਾਂ, ਸੀਨੀਅਰ ਸਿਟੀਜ਼ਨ, ਕੰਮਕਾਜੀ ਲੋਕ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਸਿਸਟਮ ਮੁਤਾਬਕ ਜੇਕਰ ਰਜਿਸਟਰੀ ਦੇ ਦਸਤਾਵੇਜ਼ਾਂ ਵਿੱਚ ਕੋਈ ਦਰੁੱਸਤੀ ਹੋਣੀ ਹੈ ਤਾਂ ਉਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ।