ਘੱਗਰ ’ਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਪਿੰਡਾਂ ਵਿੱਚ ਪਹਿਰੇ ਲੱਗਣੇ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੁਲਾਈ
ਘੱਗਰ ਵਿੱਚ ਸਵੇਰੇ-ਸ਼ਾਮ ਚੜ੍ਹ ਰਹੇ ਪਾਣੀ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਲੋਕਾਂ ਵਿਚ ਸਹਿਮ ਬਣਨ ਲੱਗਿਆ ਹੈ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਪਾਣੀ ਦੇ ਡਰ ਨੂੰ ਵੇਖਦਿਆਂ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਘੱਗਰ ਦੇ ਕਿਨਾਰੇ ਬੇਮੁਹਾਰੇ ਪਾਣੀ ਅੱਗੇ ਖੁਰ ਸਕਦੇ ਹਨ। ਬੇਸ਼ੱਕ ਪੁਲੀਸ ਅਧਿਕਾਰੀਆਂ ਵੱਲੋਂ ਦਿਨ-ਰਾਤ ਦੀ ਗਸ਼ਤ ਜਾਰੀ ਹੈ ਅਤੇ ਚਾਂਦਪੁਰਾ ਬੰਨ੍ਹ ਨੇੜੇ ਆਰਜ਼ੀ ਚੌਕੀ ਕਾਇਮ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਹੌਸਲੇ ਪਸਤ ਹੋਣ ਲੱਗੇ ਹਨ। ਉਧਰ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਮੁੱਖ ਮੰਤਰੀ ਤੋਂ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਬੰਦੋਬਸਤ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਅਤੇ ਪਹਾੜਾਂ ਵਿੱਚ ਹੋਰ ਜ਼ਿਆਦਾ ਮੀਂਹ ਨਹੀਂ ਪੈਦਾ ਹੈ ਤਾਂ ਬੰਨ੍ਹਾਂ ਦੇ ਟੁੱਟਣ ਲਈ ਕੋਈ ਖ਼ਤਰਾ ਖੜ੍ਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੰਨ੍ਹਾਂ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ ਫੰਡ ਭੇਜੇ ਜਾ ਰਹੇ ਹਨ।
ਇਸੇ ਦੌਰਾਨ ਪਿੰਡ ਕੁਲਰੀਆਂ, ਗੋਰਖਨਾਥ, ਜੁਗਲਾਨ, ਮੰਡੇਰ, ਭਾਵਾ ਦੇ ਲੋਕਾਂ ਵੱਲੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚਾਂਦਪੁਰਾ ਬੰਨ੍ਹ ’ਤੇ ਗੋਤਾਖੋਰ ਭੇਜੇ ਜਾਣ, ਫੰਡ ਜਾਰੀ ਕੀਤਾ ਜਾਵੇ, ਵਾਟਰ ਪਰੂਫ਼ ਜੈਕਟਾਂ ਅਤੇ ਜੇਸੀਬੀ ਮਸ਼ੀਨਾਂ ਭੇਜਣ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ੍ਹ ਨੇੜੇ ਬਣੇ ਪੁਲ ਵਿੱਚ ਵੱਡੇ ਟਾਹਣੇ ਅਤੇ ਘਾਹ-ਫੂਸ ਫਸਣ ਕਾਰਨ ਪਾਣੀ ਦੀ ਡਾਫ ਲੱਗਣ ਲੱਗੀ ਹੈ, ਜਿਸ ਕਾਰਨ ਪਾਣੀ ਦੇ ਚੜ੍ਹਨ ਸਦਕਾ ਕਿਨਾਰਿਆਂ ਦੇ ਟੁੱਟਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਉਧਰ, ਲੋਕਾਂ ਨੂੰ ਸੰਭਾਵੀ ਹੜ੍ਹਾਂ ਦੇ ਡਰ ’ਚੋਂ ਕੱਢਣ ਲਈ ਡੀਸੀ ਕੁਲਵੰਤ ਸਿੰਘ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਹੜ੍ਹਾਂ ਦੀ ਸਥਿਤੀ ਵਿੱਚ ਹਰੇਕ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਏ ਅਤੇ ਜੇ ਕਿਸੇ ਵੀ ਅਧਿਕਾਰੀ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਡੀਸੀ ਦੇ ਧਿਆਨ ਹਿੱਤ ਲਿਆਉਣ। ਉਨ੍ਹਾਂ ਐੱਸਡੀਐਮ ਬੁਢਲਾਡਾ ਅਤੇ ਐੱਸਡੀਐੱਮ ਸਰਦੂਲਗੜ੍ਹ ਨੂੰ ਹਰ ਸਮੇਂ ਹੜ੍ਹ ਕੰਟਰੋਲ ਰੂਮਾਂ ਨਾਲ ਸਾਰੇ ਅਧਿਕਾਰੀਆਂ ਦੇ ਜੁੜੇ ਰਹਿਣ ਦੀ ਹਦਾਇਤ ਕੀਤੀ ਅਤੇ ਕਿਸੇ ਨੂੰ ਵੀ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਡੀਸੀ ਕੁਲਵੰਤ ਸਿੰਘ ਨੇ ਪਾਣੀ ਦੇ ਵਧ ਰਹੇ ਪੱਧਰ ਦੀਆਂ ਰਿਪੋਰਟਾਂ ਨੂੰ ਦਰਕਿਨਾਰ ਕਰਦਿਆਂ ਸਪੱਸ਼ਟ ਕੀਤਾ ਕਿ ਹਾਲ ਦੀ ਘੜੀ ਪਾਣੀ ਦੀ ਮਾਰ ਸਬੰਧੀ ਚਿੰਤਾ ਦੀ ਕੋਈ ਵੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਚਾਂਦਪੁਰਾ ਬੰਨ੍ਹ ’ਤੇ ਪਾਣੀ ਦੇ ਪੱਧਰ ਵਿੱਚ ਵਾਧਾ ਉਦੋਂ ਦਰਜ ਹੁੰਦਾ ਹੈ, ਜਦੋਂ ਡੇਰਾਬੱਸੀ ਦੇ ਨਜ਼ਦੀਕ ਬਣੇ ਬੰਨ੍ਹ ਭੰਖਰਪੁਰ ਵਿੱਚ ਪਾਣੀ ਦੀ ਮਿਕਦਾਰ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ੍ਹ 20,000 ਤੋਂ 22,000 ਕਿਊਸਿਕ ਪਾਣੀ ਨੂੰ ਸੰਭਾਲਣ ਵਿੱਚ ਕਾਰਗਰ ਸਿੱਧ ਹੁੰਦਾ ਹੈ ਅਤੇ ਇਸ ਵੇਲੇ ਇਸ ਥਾਂ ਤੋਂ 12000 ਕਿਊਸਿਕ ਪਾਣੀ ਵਗਣ ਦੀਆਂ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ।