ਡੀ ਟੀ ਐੱਫ ਵੱਲੋਂ ਹੜ੍ਹ ਪੀੜਤਾਂ ਦੀ ਮਾਲੀ ਮਦਦ
ਪੰਜਾਬ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਮੁੜ ਵਸੇਬੇ ਵਿੱਚ ਮੱਦਦ ਕਰ ਰਹੀ ਬੀਕੇਯੂ ਉਗਰਾਹਾਂ ਦੀ ਅਗਵਾਈ ਵਾਲੀ ਹੜ੍ਹ ਪੀੜਤ ਸਹਾਇਤਾ ਕਮੇਟੀ ਨੂੰ ਅੱਜ ਸਥਾਨਕ ਤਰਕਸ਼ੀਲ ਭਵਨ ਵਿੱਚ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਦਿਗਵਿਜੈ) ਨੇ ਛੇ ਲੱਖ ਦਾ...
ਪੰਜਾਬ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਮੁੜ ਵਸੇਬੇ ਵਿੱਚ ਮੱਦਦ ਕਰ ਰਹੀ ਬੀਕੇਯੂ ਉਗਰਾਹਾਂ ਦੀ ਅਗਵਾਈ ਵਾਲੀ ਹੜ੍ਹ ਪੀੜਤ ਸਹਾਇਤਾ ਕਮੇਟੀ ਨੂੰ ਅੱਜ ਸਥਾਨਕ ਤਰਕਸ਼ੀਲ ਭਵਨ ਵਿੱਚ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਦਿਗਵਿਜੈ) ਨੇ ਛੇ ਲੱਖ ਦਾ ਚੈੱਕ ਸੌਂਪਿਆ।
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੀੜਤਾਂ ਦੀ ਸਹਾਇਤਾ ਲਈ ਫ਼ਰੰਟ ਨੇ ਅਧਿਆਪਕਾਂ ਨੂੰ ਫੰਡ ਦੀ ਅਪੀਲ ਕੀਤੀ ਸੀ, ਜਿਸ ‘ਤੇ ਅਧਿਆਪਕਾਂ ਨੇ ਲਗਪਗ ਤੀਹ ਲੱਖ ਰੁਪਏ ਦਾ ਯੋਗਦਾਨ ਦਿੱਤਾ । ਇਸ ਵਿੱਚੋਂ ਅੱਜ ਉਨ੍ਹਾਂ ਨੇ ਹੜ੍ਹ ਪੀੜਤ ਕਿਸਾਨਾਂ ਦੇ ਬੀਜ, ਖਾਦਾਂ ਅਤੇ ਡੀਜ਼ਲ ਵਿੱਚ ਸਹਿਯੋਗ ਕਰਨ ਲਈ ਛੇ ਲੱਖ ਦਾ ਚੈੱਕ 9 ਜਥੇਬੰਦੀਆਂ ਦੇ ਅਧਾਰਤ ਬਣੀ ਹੜ੍ਹ ਪੀੜਤ ਸਹਾਇਤਾ ਕਮੇਟੀ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੂੰ ਸੌਂਪਿਆ।
ਉਨ੍ਹਾਂ ਅੱਗੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਡੀ ਟੀ ਐੱਫ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਸਟੇਸ਼ਨਰੀ ਲਈ ਖਰਚਾ ਦਿੱਤਾ ਗਿਆ ਹੈ । ਡੀ ਟੀ ਐਫ ਫਰੀਦਕੋਟ ਦੀ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪੂਰੇ ਪਿੰਡ ਨੂੰ 5000-5000 ਸਹਾਇਤਾ ਦਿੱਤੀ। ਫਿਰੋਜ਼ਪੁਰ ਕਮੇਟੀ ਵੱਲੋਂ ਜ਼ੀਰਾ ਅਤੇ ਮੱਲਾਂਵਾਲਾ ਇਲਾਕੇ ‘ਚ ਵਿਦਿਆਰਥੀਆਂ ਨੂੰ ਸਟੇਸ਼ਨਰੀ, ਫੀਸਾਂ ਅਤੇ ਸਕੂਲਾਂ ਦੀਆਂ ਫੌਰੀ ਲੋੜਾਂ ਲਈ ਨਕਦ ਰਾਸ਼ੀ ਦਿੱਤੀ ਗਈ। ਅਗਲੇ ਦਿਨਾਂ ‘ਚ ਗੁਰਦਾਸਪੁਰ ਦੀ ਕਮੇਟੀ ਡੇਰਾ ਬਾਬਾ ਨਾਨਕ ਖੇਤਰ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਤੀਜੇ ਫੇਜ਼ ਵਿੱਚ ਉਹ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਵਿੱਚ ਯੋਗਦਾਨ ਪਾਉਣਗੇ।
ਹੜ੍ਹ ਪੀੜਤ ਸਹਾਇਤਾ ਕਮੇਟੀ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਡੀ ਟੀ ਐੱਫ ਦੇ ਇਸ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਖੇ ਸਮੇਂ ਲੋਕ ਹੀ ਲੋਕਾਂ ਦਾ ਸਹਾਰਾ ਬਣ ਰਹੇ ਨੇ। ਜਦੋਂਕਿ ਵੋਟ ਵਟੋਰੂ ਪਾਰਟੀਆਂ ਜ਼ਿਮੇਵਾਰੀ ਤੋਂ ਪਾਸਾ ਵੱਟਦੀਆਂ ਨੇ। ਇਸ ਮੌਕੇ ਡੀ ਟੀ ਐਫ ਸੂਬਾ ਕਮੇਟੀ ਮੈਂਬਰ ਅਤੇ ਮਾਨਸਾ ਦੇ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ, ਸੂਬਾ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ, ਜਗਜੀਤ ਸਿੰਘ ਧਾਲੀਵਾਲ ਮੋਗਾ, ਸੁਖਜਿੰਦਰ ਸੰਗਰੂਰ, ਗੁਰਮੀਤ ਝੋਰੜਾ ਹਾਜ਼ਰ ਸਨ।