ਡੀਟੀਐੱਫ ਵੱਲੋਂ ਆਨ-ਲਾਈਨ ਪੇਪਰ ਮੁਲਾਂਕਣ ਦਾ ਵਿਰੋਧ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਅਨੁਪੂਰਕ ਪ੍ਰੀਖਿਆ-2025 ਦੀ ਆਨ-ਸਕਰੀਨ ਪੇਪਰ ਮੁਲਾਂਕਣ ਕਰਵਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਫਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਬੋਰਡ ਨੇ ਪੇਪਰ ਦੀ ਹਾਰਡ ਕਾਪੀਆਂ ਮੁਲਾਂਕਣ ਕੇਂਦਰ ਵਿੱਚ ਭੇਜਣ ਤੋਂ ਬਚਣ ਦੀ ਖਾਤਰ ਅਧਿਆਪਕਾਂ ਦੀ ਆਈ. ਡੀ ਵਿੱਚ ਭੇਜੇ ਆਨ ਲਾਈਨ ਪੇਪਰ ਤੋਂ ਮੁਲਾਂਕਣ ਕਰਨ ਦੇ ਹੁਕਮ ਚਾੜ੍ਹੇ ਹਨ। ਡੀਟੀਐੱਫ ਵੱਲੋਂ ਇਸ ਨੂੰ ਤੁਰੰਤ ਬੰਦ ਕਰਕੇ ਪਹਿਲਾਂ ਤੋਂ ਚੱਲ ਰਹੀ ਆਫ ਲਾਈਨ ਵਿਧੀ ਅਪਣਾਏ ਜਾਣ ਦੀ ਮੰਗ ਕੀਤੀ ਹੈ।
ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਅਤੇ ਸਕੱਤਰ ਹੰਸਾ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਦੀ ਆਈ.ਡੀ ਵਿੱਚ ਆਨ-ਲਾਈਨ ਉੱਤਰ ਪੱਤਰੀਆਂ ਭੇਜ ਕੇ ਪੇਪਰ ਮੁਲਾਂਕਣ ਕੰਪਿਊਟਰ ਸਕਰੀਨ ਤੋਂ ਵੇਖਦੇ ਹੋਇਆਂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉੱਤਰ ਪੱਤਰੀਆਂ ਦੀ ਹਾਰਡ ਕਾਪੀਆਂ ਤੋਂ ਮਾਰਕਿੰਗ ਕਰਨ ਦੀ ਬਜਾਏ ਕੰਪਿਊਟਰ ਦੀ ਸਕਰੀਨ ’ਤੇ ਖੁੱਲ੍ਹੀਆਂ ਉੱਤਰ ਪੱਤਰੀਆਂ ਦੀਆਂ ਸੌਫਟ ਕਾਪੀਆਂ ਨੂੰ ਦੇਖ ਕੇ ਮੁਲਾਂਕਣ ਕਰਨਾ ਨਾ ਸਿਰਫ ਔਖਾ ਕੰਮ ਹੈ, ਸਗੋਂ ਨਿਗ੍ਹਾ ਦਾ ਖੌਅ ਵੀ ਬਣ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਪੇਪਰ ਮੁਲਾਂਕਣ ਲਈ ਪੇਪਰਾਂ ਦੀਆਂ ਹਾਰਡ ਕਾਪੀਆਂ ਦਿੱਤੀਆਂ ਜਾਣ ਅਤੇ ਅੰਕ ਇੰਦਰਾਜ ਕਰਨ ਦਾ ਕੰਮ ਡਾਟਾ ਐਂਟਰੀ ਆਪਰੇਟਰਾਂ ਤੋਂ ਕਰਵਾਇਆ ਜਾਵੇ।