ਮੁਕਤਸਰ ਦੇ ਐੱਸਐੱਸਪੀ ਡਾ. ਅਖਿਲ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਆਈਏ ਸਟਾਫ਼ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1.100 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਸੂਹ ਦੇ ਆਧਾਰ ’ਤੇ ਪਿੰਡ ਬੂਡਾ ਗੁੱਜਰ ਨੇੜੇ ਭਾਈ ਮਹਾਂ ਸਿੰਘ ਮੈਮੋਰੀਅਲ ਗੇਟ ਕੋਲ ਤਿੰਨ ਮਾਰਗੀਆਂ ਚੌਰਾਹੇ ’ਤੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ 100 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਦੀ ਪਛਾਣ ਜੱਜ ਸਿੰਘ ਵਾਸੀ ਪਿੰਡ ਤਿਰਪਾਲਕੇ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਹੈਰੋਇਨ ਸਰਹੱਦੀ ਇਲਾਕਿਆਂ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਤੋਂ ਲਿਆਉਂਦਾ ਸੀ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਛੋਟੇ ਪੱਧਰ ’ਤੇ ਸਪਲਾਈ ਕਰਦਾ ਸੀ। ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।