ਆਰਥਿਕ ਮੰਦਹਾਲੀ ਕਾਰਨ ਦੀਵਾਲੀ ਦਾ ਉਤਸ਼ਾਹ ਘਟਿਆ
ਮੁਲਾਜ਼ਮਾਂ, ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਨੂੰ ਦੀਵਾਲੀ ਵਾਲਾ ਚਾਅ ਨਾ ਚੜ੍ਹਿਆ
ਮੁਲਾਜ਼ਮਾਂ ਨੂੰ ਤਨਖਾਹਾਂ ਤੇ ਬਕਾਏ ਨਾ ਮਿਲਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮਿਲਣ, ਕਿਸਾਨਾਂ ਦੀਆਂ ਜਿਣਸਾਂ ਨਾ ਵਿਕਣ, ਮਜ਼ਦੂਰਾਂ ਨੂੰ ਲੋੜੀਂਦੀ ਦਿਹਾੜੀ ਨਾ ਮਿਲਣ ਅਤੇ ਛੋਟੇ ਦੁਕਾਨਦਾਰਾਂ ਨੂੰ ਆਰਥਿਕ ਮੰਦਹਾਲੀ ਕਾਰਨ ਹੋਈ ਘੱਟ ਵਿਕਰੀ ਕਾਰਨ ਇਸ ਵਾਰ ਫਿੱਕੀ ਦੀਵਾਲੀ ਮਨਾਉਣੀ ਪੈ ਰਿਹਾ ਹੈ। ਦੀਵਾਲੀ ਦੇ ਇਨ੍ਹਾਂ ਦਿਨਾਂ ਦੌਰਾਨ ਉਤਸ਼ਾਹ ਦੀ ਘਾਟ ਅਤੇ ਚੀਜ਼ਾਂ-ਵਸਤਾਂ ਦੀਆਂ ਵਿਕਰੀ ਵੀ ਬਹੁਤ ਘੱਟ ਹੋ ਰਹੀ ਹੈ। ਅਨੇਕਾਂ ਵਰਗਾਂ ਦੇ ਘਰਾਂ ਵਿਚ ਐਤਕੀਂ ਦੀਵਾਲੀ ਨੂੰ ਦੁੱਖਾਂ ਦੇ ਦੀਵੇ ਬਲਣੈ ਹਨ।
ਇਸੇ ਦੌਰਾਨ ਅੱਜ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਾਨਸਾ ਦੇ ਵੱਖ-ਵੱਖ ਏਡਿਡ ਤਿੰਨ ਸਕੂਲਾਂ ਦੇ ਸਟਾਫ਼ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਆਗੂ ਕਰਮਜੀਤ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਉਹ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਸਰਕਾਰ ਜਲਦੀ ਹੱਲ ਨਹੀਂ ਕਰਦੀ ਤਾਂ ਉਹ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ ਅਤੇ ਆਪਣੇ ਸੰਘਰਸ਼ ਨੂੰ ਹੋਰ ਸਖ਼ਤੀ ਨਾਲ ਅੱਗੇ ਵਧਾਉਣਗੇ। ਇਸ ਮੌਕੇ ਖਾਲਸਾ ਹਾਈ ਸਕੂਲ ਮਾਨਸਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਅਤੇ ਐੱਸ ਐੱਸ ਜੈਨ ਸਕੂਲ ਮਾਨਸਾ ਦਾ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
ਜਿਹੜੇ ਅਧਿਆਪਕਾਂ ਦੀਆਂ ਤਨਖਾਹਾਂ ਘੱਟ ਗਈਆਂ ਹਨ। ਉਨ੍ਹਾਂ ਦੇ ਘਰਾਂ ਵਿੱਚ ਆਤਿਸਬਾਜ਼ੀਆਂ ਟੌਅਰ ਨਾਲ ਉੱਡ ਨਹੀਂ ਸਕਣਗੀਆਂ ਅਤੇ ਨਾ ਹੀ ਖੁਸ਼ੀ ਦੇ ਅਨਾਰ ਤੇ ਪਟਾਕੇ ਚੱਲ ਸਕਣਗੇ। ਇਸ ਸ਼ੁਭ ਮੌਕੇ ’ਤੇ ਦਿੱਤੀਆਂ ਜਾਣ ਵਾਲੀਆਂ ਮਿਠਾਈਆਂ ਅਤੇ ਗਿਫ਼ਟਾਂ ਦੀ ਖਰੀਦ ਲਈ ਵੀ ਮੁਲਾਜ਼ਮਾਂ ਨੂੰ ਉਧਾਰ ਦੇਣ ਵਾਲਿਆਂ ਵੱਲ ਦੇਖਣਾ ਪੈ ਰਿਹਾ ਹੈ।
ਇਥੇ ਜ਼ਿਕਰਯੋਗ ਕਿ ਪਹਿਲਾਂ ਅਕਸਰ ਦੀਵਾਲੀ ਵੇਲੇ ਸਾਰੇ ਮਹਿਕਮਿਆਂ ਦੇ ਮੁਲਾਜ਼ਮਾਂ ਦੀਆਂ ਜੇਬਾਂ ਤਨਖਾਹਾਂ ਨਾਲ ਭਰ ਜਾਂਦੀਆਂ ਸਨ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਤਿਉਹਾਰ ਹਮੇਸ਼ਾ ਭਰੀਆਂ ਜੇਬਾਂ ਆਸਰੇ ਹੀ ਮਨਾਏ ਜਾਂਦੇ ਹਨ। ਇਸ ਵਾਰ ਦੀਵਾਲੀ ਅਕਤੂਬਰ ਮਹੀਨੇ ਦੇ ਤੀਜੇ ਹਫ਼ਤੇ ਆਉਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਮਾਮਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ। ਪਿੰਡਾਂ ਵਿਚ ਵੱਡੇ-ਛੋਟੇ ਕਾਰੋਬਾਰੀਆਂ ਲਈ ਵੀ ਦੀਵਾਲੀ ਫਿੱਕੀ ਰਹਿਣ ਦੀ ਸੰਭਾਵਨਾ ਹੈ। ਦਿਹਾਤੀ ਖੇਤਰ ਦੇ ਲੋਕਾਂ ਦਾ ਪਹਿਲਾਂ ਹੀ ਮਹਿੰਗਾਈ ਨੇ ਕਚੂਮਰ ਕੱਢ ਦਿੱਤਾ ਹੈ। ਛੋਟੇ ਕਾਰੋਬਾਰੀਆਂ ਦਾ ਦੱਸਣਾ ਕਿ ਉਨ੍ਹਾਂ ਦਾ ਵਪਾਰ ਅਤੇ ਵਿਕਰੀ ਬੇਹੱਦ ਮੰਦਵਾੜੇ ਵਿਚ ਚੱਲ ਰਿਹਾ।