ਇਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਪੁਲੀਸ ਵਿਚਕਾਰ ਚੱਲ ਰਿਹਾ ਵਿਵਾਦ ਭਖ਼ਦਾ ਜਾ ਰਿਹਾ ਹੈ। ਹਾਲਾਂ ਕਿ ਪੁਲੀਸ ਨੇ ਵਕੀਲ ਹਰਮਨਦੀਪ ਸਿੰਘ ਸੰਧੂ ਖ਼ਿਲਾਫ਼ ਦਰਜ ਕੇਸ ’ਚੋਂ ਇਰਾਦਾ ਕਤਲ ਦੀ ਧਾਰਾ ਖ਼ਤਮ ਕਰ ਦਿੱਤੀ ਹੈ। ਦੂਜੇ ਪਾਸੇ ਵਕੀਲਾਂ ਦਾ ਦੋਸ਼ ਹੈ ਕਿ ਇਰਾਦਾ ਕਤਲ ਦੀ ਧਾਰਾ ਖ਼ਤਮ ਕਰਨ ਦੇ ਨਾਲ ਹੀ ਪੁਲੀਸ ਨੇ ਕਥਿਤ ਤੌਰ ’ਤੇ ਇੱਕ ਵਿਅਕਤੀ ਦੇ ਫਰਜ਼ੀ ਸੱਟ ਮਾਰ ਕੇ ਘਟਨਾ ਤੋਂ ਤਿੰਨ ਦਿਨ ਬਾਅਦ ਮੁਕੱਦਮੇ ਵਿੱਚ ਗੰਭੀਰ ਸੱਟ ਮਾਰਨ ਦੀ ਧਾਰਾ ਜੋੜ ਦਿੱਤੀ ਹੈ ਜੋ ਗੈਰਕਾਨੂੰਨੀ ਤੇ ਫਰਜ਼ੀ ਹੈ।
ਦੱਸਣਯੋਗ ਹੈ ਕਿ ਵਕੀਲਾਂ ਵੱਲੋਂ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਖ਼ਿਲਾਫ਼ ਦਰਜ ਮੁਕੱਦਮੇ ਵਿੱਚੋਂ ਇਰਾਦਾ ਕਤਲ ਦੀ ਧਾਰਾ ਹਟਾਉਣ ਅਤੇ ਜ਼ਿੰਮੇਵਾਰ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ 31 ਅਕਤੂਬਰ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਅਤੇ 2 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਕਤਸਰ ਫੇਰੀ ਮੌਕੇ ਵੀ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਸਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਬਣਾਈ 13 ਮੈਂਬਰ ਕਮੇਟੀ ’ਚ ਸ਼ਾਮਲ ਐਡਵੋਕੇਟ ਗੁਰਦੇਵ ਸਿੰਘ ਬਰਾੜ, ਕਰਮਜੀਤ ਸਿੰਘ ਸੰਮੇਵਾਲੀਆ, ਅਸ਼ੋਕ ਗਿਰਧਰ, ਬਲਵੰਤ ਸਿੰਘ ਗਿੱਲ, ਵਿਕਰਮਜੀਤ ਸਿੰਘ ਗਿੱਲ, ਗੁਰਬਿੰਦਰ ਰੁਪਾਣਾ, ਭੁਪਿੰਦਰ ਸਿੰਘ ਚੜ੍ਹੇਵਾਨ, ਸੰਜੀਵ ਗੁਪਤਾ, ਮਨਜਿੰਦਰ ਸਿੰਘ ਬਰਾੜ, ਰਜਿੰਦਰ ਕਾਲੀਆ, ਚਰਨਜੀਤ ਸਿੰਘ, ਸੰਦੀਪ ਆਹੂਜਾ, ਗੌਤਮ ਅਰੋੜਾ, ਵਿੱਕੀ ਰੁਪਾਣਾ ਅਤੇ ਕੁਲਵੰਤ ਸਿੰਘ ਸਿੱਧੂ ਹੋਰਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਇਰਾਦਾ ਕਤਲ ਦੀ ਧਾਰਾ ਤਾਂ ਖ਼ਤਮ ਕਰ ਦਿੱਤੀ ਹੈ ਪਰ ਲੜਾਈ ਤੋਂ ਤਿੰਨ ਦਿਨ ਬਾਅਦ ਕਥਿਤ ਤੌਰ ’ਤੇ ਫਰਜ਼ੀ ਸੱਟ ਮਾਰ ਕੇ ਇਕ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਤੇ ਉਸ ਦੇ ਦੋਸ਼ ਤਿੰਨ ਦਿਨਾਂ ਤੋਂ ਹਸਪਤਾਲ ’ਚ ਜ਼ੇਰੇ ਇਲਾਜ ਵਕੀਲ ਹਰਮਨਦੀਪ ਸਿੰਘ ਸੰਧੂ ਹੋਰਾਂ ’ਤੇ ਲਾ ਦਿੱਤੇ। ਹਾਲਾਂਕਿ ਡਾਕਟਰ ਨੇ ਰਿਪੋਰਟ ਵਿੱਚ ਦੱਸਿਆ ਕਿ ਸੱਟ ਛੇ ਘੰਟੇ ਪੁਰਾਣੀ ਹੈ। ਹੁਣ ਕਥਿਤ ਝੂਠੀ ਧਾਰਾ ਨੂੰ ਹਟਾਉਣ ਅਤੇ ਜ਼ਿੰਮੇਵਾਰੀ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਵਕੀਲਾਂ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਅਦਾਲਤੀ ਕੰਮਕਾਜ ਠੱਪ ਕਰ ਕੇ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਥਾਣਾ ਸਦਰ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਵਗੈਰਾ ਖਿਲਾਫ਼ ਜੋ ਮੁਕੱਦਮਾ ਦਰਜ ਕੀਤਾ ਗਿਆ ਸੀ ਉਸ ਵਿੱਚ ਪੁਲੀਸ ਨੇ ਡਾਕਟਰੀ ਰਿਪੋਰਟ ਅਤੇ ਮੈਡੀਕਲ ਲੀਗਲ ਰਿਪੋਰਟ ਦੇ ਆਧਾਰ ’ਤੇ ਧਾਰਾ ਨਰਮ ਦਿੱਤੀ ਹੈ।

