ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਚਰਚਾ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਨੌਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਧਰਨੇ ਦੌਰਾਨ ਤਾਜੀਆਂ ਮੰਗਾਂ ਦੇ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ ਤੇ ਕਚਿਹਰੀਆਂ ਵਿੱਚ...
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਨੌਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਧਰਨੇ ਦੌਰਾਨ ਤਾਜੀਆਂ ਮੰਗਾਂ ਦੇ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ ਤੇ ਕਚਿਹਰੀਆਂ ਵਿੱਚ ਆਏ ਲੋਕਾਂ ਨੂੰ ਵੀ ਇਸ ਤੋਂ ਜਾਣੂ ਕਰਾਇਆ ਜਾਂਦਾ ਹੈ। ਧਰਨੇ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ, ਖੇਤ ਮਜ਼ਦੂਰ ਆਗੂ ਕਾਕਾ ਸਿੰਘ ਖੁੰਡੇ ਹਲਾਲ ਨੇ ਸਪੱਸ਼ਟ ਕੀਤਾ ਕਿ ਇਹ ਧਰਨਾ ਫਾਜ਼ਿਲਕਾ ਦੇ ਹੜ੍ਹ ਪੀੜਿਤ ਪਿੰਡਾਂ ਵਿੱਚ ਕਿਸਾਨਾਂ ਨੂੰ ਕਣਕ ਦਾ ਬੀਜ ਵੰਡ ਕੇ ਮੁੜਦਿਆਂ ਨੇੜਲੇ ਪਿੰਡ ਉਦੇਕਰਨ ਕੋਲ ਸੜਕ ਹਾਦਸੇ ਵਿੱਚ ਜਾਨ ਗਵਾ ਗਏ ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ੇ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਤੇ ਖੇਤ ਮਜ਼ਦੂਰ ਵੀ ਮੌਜੂਦ ਸਨ।
ਸੂਬਾ ਸਰਕਾਰ ਤੋਂ ਨਿਰਾਸ਼ ਹਨ ਕਿਸਾਨ
ਧਰਨੇ ਦੌਰਾਨ ਸਵੇਰ-ਸ਼ਾਮ ਖਾਣਾ ਬਣਾਉਂਦੇ ਅਤੇ ਖਾਂਦੇ ਹੋਏ ਵੀ ਕਿਸਾਨ ਸਰਕਾਰੀ ਨੀਤੀਆਂ ਨੂੰ ਕੋਸਦੇ ਹਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਲਕੇ ਤੋਂ ਆਇਆ ਕਿਸਾਨ ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰਾਂ ਚਲਾਉਣ ਦੀਆਂ ਗੱਲਾਂ ਕਰ ਵਾਲੇ ਡੀ ਸੀ ਦਫ਼ਤਰ ਅੱਗੇ ਬੈਠਿਆਂ ਦੀ ਵੀ ਸੁਣਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰਾ ਪੈੱਨ ਕਿਸਾਨਾਂ, ਮਜ਼ਦੂਰਾਂ ਦੇ ਭਲੇ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਲਈ ਚਲਦਾ ਹੈ। ਅਜਾਇਬ ਸਿੰਘ ਨੇ ਕਿਹਾ ਕਿ ਸਰਕਾਰ ਕੋਈ ਵੀ ਹੋਵੇ ਹੱਕ ਤਾਂ ਲੜ ਕੇ ਹੀ ਮਿਲਦੇ ਹਨ।

