ਕਾਵਿ ਸੰਗ੍ਰਹਿ ‘ਚੁੱਪ ਦਾ ਸਵਾਲ’ ’ਤੇ ਵਿਚਾਰ ਚਰਚਾ
ਨਵਯੁਗ ਸਾਹਿਤ ਕਲਾ ਮੰਚ ਵੱਲੋਂ ਹਰਭਗਵਾਨ ਭੀਖੀ ਦੀ ਕਾਵਿ ਪੁਸਤਕ ‘ਚੁੱਪ ਦਾ ਸਵਾਲ’ ’ਤੇ ਉੱਘੇ ਰੰਗਕਰਮੀ ਤੇ ਫਿਲਮੀ ਅਦਾਕਾਰ ਮਨਜੀਤ ਕੌਰ ਔਲਖ ਦੀ ਪ੍ਰਧਾਨਗੀ ਹੇਠ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਮਨਜੀਤ ਕੌਰ ਔਲਖ, ਡਾ. ਕੁਲਦੀਪ ਸਿੰਘ, ਡਾ. ਲਕਛਮੀ ਨਰਾਇਣ ਭੀਖੀ, ਡਾ. ਬਿਕਰਜੀਤ ਸਾਧੂਵਾਲਾ, ਭੁਪਿੰਦਰ ਫ਼ੌਜੀ ਅਤੇ ਪੁਸਤਕ ਦੇ ਲੇਖਕ ਹਰਭਗਵਾਨ ਭੀਖੀ ਸ਼ਾਮਲ ਹੋਏ।
ਸਮਾਗਮ ਦੀ ਸੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਵਿਛੜ ਚੁੱਕੀਆਂ ਸ਼ਖ਼ਸੀਅਤਾਂ, ਜਿਨ੍ਹਾਂ ’ਚ ਡਾ. ਬਲਜਿੰਦਰ ਸਿੰਘ ਸੇਖੋਂ, ਨਾਟਕਕਾਰ ਬਲਰਾਜ ਮਾਨ, ਅਦਾਕਾਰ ਜਸਵਿੰਦਰ ਭੱਲਾ ਨੂੰ ਸਰਧਾਂਜਲੀ ਭੇਟ ਕੀਤੀ ਗਈ। ਉਪਰੰਤ ਖੁਸਬੀਰ ਕੌਰ ਮੱਟੂ, ਹਰਸੁਖਮਨ ਕੌਰ ਅਤੇ ਗੁਰਦੇਵ ਚਹਿਲ ਨੇ ਕਾਵਿ ਰੂਪੀ ਗੀਤ ਪੇਸ਼ ਕੀਤੇ। ਡਾ. ਕੁਲਦੀਪ ਸਿੰਘ ਨੇ ਪੁਸਤਕ ’ਤੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਹਰਭਗਵਾਨ ਭੀਖੀ ਦੀ ਪੁਸਤਕ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀਆਂ ਸਮੱਸਿਆਂਵਾਂ ਲੈਕੇ ਉਨ੍ਹਾਂ ਦੇ ਸਵਾਲਾਂ ਨੂੰ ਮੁਖਾਤਿਬ ਹੁੰਦੀ ਹੈ ਅਤੇ ਸਮਾਜਿਕ ਵਰਤਾਰਿਆਂ ’ਤੇ ਤਿੱਖੇ ਸਵਾਲ ਕਰਦੀ ਹੈ।