ਪੁਸਤਕ ‘ਸ਼ਾਹ ਮੁਹੰਮਦਾ ਵੇਖ ਪੰਜਾਬ ਆ ਕੇ’ ’ਤੇ ਗੋਸ਼ਟੀ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਬਹੁ-ਪੱਖੀ ਲੇਖਕ ਰਾਮ ਸਰੂਪ ਸ਼ਰਮਾ ਦੀ ਪੁਸਤਕ ‘ਸ਼ਾਹ ਮੁਹੰਮਦਾ ਵੇਖ ਪੰਜਾਬ ਆ ਕੇ’ ’ਤੇ ਸਰਕਾਰੀ ਐਮੀਨੈਂਸ ਸਕੂਲ (ਲੜਕੇ) ਬਰਨਾਲਾ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਪ੍ਰਧਾਨਗੀ ਹੇਠ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਭਾਰਤੀ ਸਾਹਿਤ ਅਕਾਡਮੀ ਦੀ ਗਵਰਨਿੰਗ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ ਵੀ ਸ਼ਾਮਲ ਸਨ। ਪੁਸਤਕ ਬਾਰੇ ਡਾ. ਭੁਪਿੰਦਰ ਸਿੰਘ ਬੇਦੀ ਨੇ ਆਪਣਾ ਖੋਜ ਪੇਪਰ ਪੜ੍ਹਿਆ। ਬੂਟਾ ਸਿੰਘ ਚੌਹਾਨ ਨੇ ਪਰਚੇ ਨੂੰ ਸੰਤੁਲਤ ਅਤੇ ਪੂਰਨ ਦੱਸਦੇ ਹੋਇਆ ਕੁਝ ਸੁਝਾਅ ਦਿੱਤੇ। ਡਾ. ਰਾਮਪਾਲ ਸ਼ਾਹਪੁਰੀ ਨੇ ਪੁਸਤਕ ਨੂੰ ਪੜ੍ਹਨਯੋਗ ਦੱਸਿਆ। ਮਾਲਵਿੰਦਰ ਸਾਇਰ ਨੇ ਕਿੱਸਾ-ਕਾਵਿ ਤੋਂ ਜੰਗਨਾਮੇ ਦੀ ਯਾਤਰਾ ਕਿਹਾ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਪੁਸਤਕ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ। ਡਾ. ਅਨਿਲ ਸ਼ੋਰੀ, ਜਗਰਾਜ ਧੌਲਾ, ਡਾ. ਸੁਰਿੰਦਰ ਭੱਠਲ ਤੇ ਇਕਬਾਲ ਕੌਰ ਉਦਾਸੀ ਨੇ ਨੁਕਤੇ ਸਾਂਝੇ ਕੀਤੇ। ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਸਮਾਗਮ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਰਾਮ ਸਰੂਪ ਸ਼ਰਮਾ ਦੀ ਧੀ ਜੋਤੀ ਸ਼ਰਮਾ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਸਭਾ ਦੇ ਸਕੱਤਰ ਪਵਨ ਪਰਿੰਦਾ ਨੇ ਕੀਤਾ। ਉਪਰੰਤ ਕਵੀ-ਦਰਬਾਰ ਦੌਰਾਨ ਰਜਿੰਦਰ ਸ਼ੌਕੀ, ਜਸਕਰਨ ਸਿੰਘ, ਲਛਮਣ ਦਾਸ ਮੁਸਾਫਿਰ, ਪਾਲ ਸਿੰਘ ਲਹਿਰੀ, ਲਖਵਿੰਦਰ ਠੀਕਰੀਵਾਲਾ, ਰਘਬੀਰ ਸਿੰਘ ਗਿੱਲ ਕੱਟੂ ਨੇ ਰਚਨਾਵਾਂ ਸੁਣਾਈਆਂ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਤੇ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ।