ਪੁਸਤਕ ‘ਮੇਰੀਆਂ ਚੋਣਵੀਆਂ ਬੋਲੀਆਂ’ ’ਤੇ ਗੋਸ਼ਟੀ
ਗਿੱਲ ਨੇ ਆਪਣੀ ਵਿਲੱਖਣ ਸ਼ੈਲੀ ਨਾਲ ਪੰਜਾਬੀ ਲੋਕ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਇਆ: ਬੇਦੀ
ਜ਼ਿਲ੍ਹੇ ਦੇ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਦੀ ਪੁਸਤਕ ‘ਮੇਰੀਆਂ ਚੋਣਵੀਆਂ ਬੋਲੀਆਂ’ ’ਤੇ ਗੋਸ਼ਟੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਿੱਚ ਕਰਵਾਈ ਗਈ।
ਡਾ. ਭੁਪਿੰਦਰ ਸਿੰਘ ਬੇਦੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਗਿੱਲ ਨੇ ਬੋਲੀ ਕਾਵਿ ਵਿਚ ਵਿਲੱਖਣ ਵਿਸ਼ਿਆਂ ਨੂੰ ਚੁਣ ਕੇ ਆਪਣੀ ਵਿਲੱਖਣ ਸ਼ੈਲੀ ਨਾਲ ਪੰਜਾਬੀ ਲੋਕ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਬਹਿਸ ਦਾ ਆਰੰਭ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬੋਲੀਆਂ ਅਤੇ ਗਿੱਧਾ ਇੱਕ ਦੂਜੇ ਦੇ ਪੂਰਕ ਨੇ, ਇਨ੍ਹਾਂ ਦੇ ਸੁਮੇਲ ਨੇ ਹੀ ਇਸ ਕਾਵਿ ਵਿਧਾ ਨੂੰ ਸਜੀਵ ਰੱਖਿਆ ਹੈ, ਬੋਲੀ ਲੋਕ ਮਨ ਦੇ ਨੇੜਲੀਆਂ ਵਿਧਾਵਾਂ ਵਿੱਚ ਅਹਿਮ ਥਾਂ ਰੱਖਦੀ ਹੈ। ਸ਼ਾਇਰ ਤਰਸੇਮ ਨੇ ਕਿਹਾ ਕਿ ਬੋਲੀ ਵਿਧਾ ਲੋਕ ਧਾਰਾ ਦਾ ਅਨਿੱਖੜਵਾਂ ਅੰਗ ਹੈ। ਕੱਟੂ ਨੇ ਬੋਲੀ ਵਿਧਾ ਵਿਚ ਕਾਵਿ ਲਿਖ ਕੇ ਇਸ ਅਣਗੌਲੀ ਹੋ ਰਹੀ ਵਿਧਾ ਨੂੰ ਹੁਲਾਰਾ ਦਿੱਤਾ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਔਰਤਾਂ ਤੇ ਕੁੜੀਆਂ ਨੇ ਆਪਣੇ ਮਨੋਭਾਵਾਂ ਦੇ ਪ੍ਰਗਟਾ ਲਈ ਲੋਕ ਗੀਤ ਸਿਰਜੇ ਅਤੇ ਮਰਦਾਂ ਨੇ ਬੋਲੀਆਂ ਸਿਰਜੀਆਂ ਹਨ। ਡਾ. ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਕੱਟੂ ਨੇ ਮਨੁੱਖੀ ਭਾਵਨਾਵਾਂ ਦੇ ਨਾਲ-ਨਾਲ ਚੇਤਨਾ ਦਾ ਪ੍ਰਗਟਾਵਾ ਵੀ ਕੀਤਾ ਹੈ। ਉਸ ਨੂੰ ਵਿਸ਼ਿਆਂ ਦੀ ਬਹੁਲਤਾ ਵਧਾਉਣੀ ਚਾਹੀਦੀ ਹੈ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਕੱਟੂ ਦੀ ਇਹ ਪੁਸਤਕ ਉਸ ਦੇ ਕਾਵਿ ਵਿਕਾਸ ਦੀ ਸੂਚਕ ਹੈ। ਇਕਬਾਲ ਕੌਰ ਉਦਾਸੀ ਨੇ ਬੋਲੀਆਂ ਦੇ ਚੇਤਨਾ ਪੱਖ ਦੀ ਪ੍ਰਸ਼ੰਸਾ ਕੀਤੀ ਅਤੇ ਕਿਰਤ ਨੂੰ ਵਡਿਆਉਣ ਵਾਲੀਆਂ ਕਹਿਦਿਆਂ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣ ਵਾਲੀਆਂ ਵੀ ਕਿਹਾ। ਕਹਾਣੀਕਾਰ ਦਰਸ਼ਨ ਸਿੰਘ ਗੁਰੂ ਨੇ ਕਿਹਾ ਕਿ ਕੱਟੂ ਦਾ ਸੁਭਾਅ ਭਾਵੇਂ ਸੰਗਾਊ ਹੈ ਪਰ ਬੋਲੀਆਂ ਹੱਕ ਸੱਚ ਦੇ ਹੱਕ ਵਿਚ ਗਰਜਵੇਂ ਰੂਪ ਵਿਚ ਪੇਸ਼ ਕਰਦਾ ਹੈ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਸਾਹਿਤ ਸਰਵਰ ਵੱਲੋਂ ਨਿਰੰਤਰ ਸਾਹਿਤਕ ਸਮਾਗਮ ਕਰਵਾਏ ਜਾਇਆ ਕਰਨਗੇ। ਸਭਾ ਵੱਲੋਂ ਕੱਟੂ ਨੂੰ ਸਨਮਾਨਤ ਵੀ ਕੀਤਾ ਗਿਆ। ਇਹ ਰਸਮ ਬਲਵਿੰਦਰ ਸਿੰਘ ਠੀਕਰੀਵਾਲਾ ਅਤੇ ਕੁਲਵੰਤ ਸਿੰਘ ਧਿੰਗੜ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਗਿੱਲ ਕੱਟੂ ਨੇ ਬੋਲੀਆਂ ਦੀ ਛਹਿਬਰ ਵੀ ਲਾਈ। ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ, ਰਾਮ ਸਿੰਘ ਬੀਹਲਾ ਅਤੇ ਜਗਜੀਤ ਗੁਰਮ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦਾ ਫ਼ਰਜ਼ ਜਨਰਲ ਸਕੱਤਰ ਕੁਲਵੰਤ ਸਿੰਘ ਧਿੰਗੜ ਨੇ ਨਿਭਾਇਆ।

