ਮੀਂਹ ਦੇ ਪਾਣੀ ਨਾਲ ਭਰੇ ਸਕੂਲਾਂ ’ਚ ਕਲਾਸਾਂ ਲੱਗਣੀਆਂ ਮੁਸ਼ਕਲ
ਚੌਪਟਾ ਇਲਾਕੇ ਦੇ ਪਿੰਡ ਸ਼ੱਕਰ ਮੰਦੋਰੀ ਦੇ ਸਰਕਾਰੀ ਗਰਲਜ਼ ਮਿਡਲ ਸਕੂਲ, ਸਰਕਾਰੀ ਗਰਲਜ਼ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਂਹ ਕਾਰਨ ਪਾਣੀ ਵਿੱਚ ਡੁੱਬੇ ਹੋਏ ਹਨ। ਜ਼ਿਲ੍ਹੇ ਦੇ ਸਕੂਲ ਬੁੱਧਵਾਰ ਤੋਂ ਖੁੱਲ੍ਹਣ ਵਾਲੇ ਹਨ। ਅਜਿਹੀ ਸਥਿਤੀ ਵਿੱਚ ਇਨ੍ਹਾਂ ਸਕੂਲ ਵਿੱਚ ਪੜ੍ਹਾਈ ਕਿਵੇਂ ਕੀਤੀ ਜਾਵੇਗੀ। ਸਕੂਲ ਦੇ ਅਧਿਆਪਕ ਦੁਚਿੱਤੀ ਵਿੱਚ ਹਨ ਕਿਉਂਕਿ ਸਕੂਲ ਤਿੰਨ ਤੋਂ ਚਾਰ ਫੁੱਟ ਡੂੰਘੇ ਪਾਣੀ ਨਾਲ ਭਰੇ ਹੋਏ ਹਨ।
ਸਕੂਲ ਦੇ ਕਮਰੇ ਵੀ ਖਸਤਾ ਹਾਲਤ ਵਿੱਚ ਅਤੇ ਨੀਂਵੇ ਹਨ ਜਿੱਥੇ ਥੋੜ੍ਹੇ ਜਿਹੇ ਮੀਂਹ ਨਾਲ ਵੀ ਪਾਣੀ ਭਰ ਜਾਂਦਾ ਹੈ। ਇਨ੍ਹਾਂ ਸਕੂਲਾਂ ਦੇ ਪਖਾਨਿਆਂ ਵਿੱਚ ਵੀ ਪਾਣੀ ਭਰਨ ਕਾਰਨ ਬਦਬੂ ਫੈਲ ਰਹੀ ਹੈ। ਅਜਿਹੀ ਸਥਿਤੀ ਵਿੱਚ ਬਿਮਾਰੀ ਫੈਲਣ ਦਾ ਡਰ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸਕੂਲਾਂ ਦੀ ਹਾਲਤ ਕਈ ਸਾਲਾਂ ਤੋਂ ਅਜਿਹੀ ਬਣੀ ਹੋਈ ਹੈ। ਸਕੂਲ ਅਧਿਆਪਕਾਂ ਵੱਲੋਂ ਸੁਧਾਰ ਲਈ ਸਿੱਖਿਆ ਵਿਭਾਗ ਨੂੰ ਲਿਖਿਆ ਵੀ ਗਿਆ ਹੈ ਪਰ ਕੋਈ ਸੁਧਾਰ ਨਹੀਂ ਹੋਇਆ। ਪਿੰਡ ਸ਼ੱਕਰ ਮੰਦੋਰੀ ਦੇ ਸਰਕਾਰੀ ਗਰਲਜ਼ ਮਿਡਲ ਸਕੂਲ ਵਿੱਚ 72 ਬੱਚੇ, ਸਰਕਾਰੀ ਗਰਲਜ਼ ਪ੍ਰਾਇਮਰੀ ਸਕੂਲ ਵਿੱਚ 36 ਬੱਚੇ, ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 44 ਬੱਚੇ ਹਨ। ਸਕੂਲ ਪਿਛਲੇ ਕਈ ਦਿਨਾਂ ਤੋਂ ਪਾਣੀ ਨਾਲ ਭਰਿਆ ਹੋਇਆ ਹੈ। ਸਕੂਲ ਵਿੱਚ ਪਾਣੀ ਭਰਨ ਤੋਂ ਬਾਅਦ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ।
ਸਕੂਲ ਇੰਚਾਰਜ ਰਾਜੇਸ਼ ਮਾਹੀਆ ਨੇ ਕਿਹਾ ਕਿ ਪਿੰਡ ਦੇ ਤਿੰਨੋਂ ਸਕੂਲ ਪਾਣੀ ਨਾਲ ਭਰੇ ਹੋਏ ਹਨ। ਇਸ ਨਾਲ ਸਕੂਲ ਦੀਆਂ ਇਮਾਰਤਾਂ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਹੈ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਪਾਣੀ ਕੱਢਣ ਵਿੱਚ ਲੱਗੇ ਹੋਏ ਹਨ। ਜਦੋਂ ਤੱਕ ਸਕੂਲਾਂ ਵਿੱਚੋਂ ਪਾਣੀ ਨਹੀਂ ਨਿਕਲਦਾ ਸਕੂਲਾਂ ਵਿੱਚ ਕਲਾਸਾਂ ਲਗਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਡੱਬੀ:::: ਜਗਜੀਤਪੁਰਾ ਸਕੂਲ ਦੀ ਇਮਾਰਤ ਨੁਕਸਾਨੀ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪਿੰਡ ਜਗਜੀਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਮੀਂਹ ਕਾਰਨ ਕਾਫ਼ੀ ਹੱਦ ਤੱਕ ਨੁਕਸਾਨੀ ਗਈ ਹੈ ਅਤੇ ਰਿਕਾਰਡ ਵੀ ਖ਼ਰਾਬ ਹੋ ਗਿਆ ਹੈ। ਸਕੂਲ ਵਿੱਚ ਪਾਇਆ ਆਰਸੀਸੀ ਲੈਂਟਰ ਵੀ ਕੁਝ ਹੱਦ ਤੱਕ ਝੁਕ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਨੇ ਸਕੂਲ ਦੀ ਇਮਾਰਤ ਦਾ ਨਿਰੀਖਣ ਕੀਤਾ ਹੈ। ਪਿੰਡ ਦੇ ਲੋਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਸ ਬਿਲਡਿੰਗ ਦਾ ਨਿਰੀਖਣ ਕਰਨ ਦੀ ਮੰਗ ਕੀਤੀ ਹੈ। ਪਿੰਡ ਦੀ ਸਰਪੰਚ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਪ੍ਰਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਅੱਧੀ ਇਮਾਰਤ ਕੰਡਮ ਹੋ ਗਈ ਹੈ। ਮਜਬੂਰਨ ਸਕੂਲ ਦੇ ਬੱਚਿਆਂ ਨੂੰ ਖੁੱਲੇ ਸਮਾਨ ਥੱਲੇ ਬਿਠਾਉਣਾ ਪਵੇਗਾ।