ਢੂੰਡਾ ਸੀਨੀਅਰ ਮੀਤ ਤੇ ਨੇਮਾ ਮੀਤ ਪ੍ਰਧਾਨ ਬਣੇ
ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਤੋਂ ਬਾਅਦ ਅੱਜ ਮੁੜ ਕਰਵਾਈ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨਗੀ ਦੀ ਚੋਣ ਵਿੱਚ ਸੀਨੀਅਰ ਮੀਤ ਪ੍ਰਧਾਨਗੀ ਕੌਂਸਲਰ ਅਮਨਦੀਪ ਢੂੰਡਾ 13 ਵੋਟਾਂ ਲੈ ਕੇ ਜੇਤੂ ਰਹੇ ਹਨ। ਉਨ੍ਹਾਂ...
ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਤੋਂ ਬਾਅਦ ਅੱਜ ਮੁੜ ਕਰਵਾਈ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨਗੀ ਦੀ ਚੋਣ ਵਿੱਚ ਸੀਨੀਅਰ ਮੀਤ ਪ੍ਰਧਾਨਗੀ ਕੌਂਸਲਰ ਅਮਨਦੀਪ ਢੂੰਡਾ 13 ਵੋਟਾਂ ਲੈ ਕੇ ਜੇਤੂ ਰਹੇ ਹਨ। ਉਨ੍ਹਾਂ ਵਿਰੋਧੀ ਨੇਮ ਚੰਦ ਨੇਮਾ ਨੂੰ 11 ਵੋਟਾਂ ਮਿਲੀਆਂ ਤੇ ਉਹ ਮੀਤ ਪ੍ਰਧਾਨਗੀ ’ਤੇ ਕਾਬਜ਼ ਹੋਏ।
ਕੁੱਝ ਮਹੀਨੇ ਪਹਿਲਾਂ ਕਰਵਾਈ ਚੋਣ ਨੂੰ ਕੌਂਸਲਰ ਨੇਮ ਚੰਦ ਨੇਮਾ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਚੋਣ ਮੁੜ ਕਰਵਾਈ ਹੈ। ਇਸ ਵਾਰ ਇਸ ਚੋਣ ਵਿੱਚ ਸਿਰਫ਼ ਦੋ ਉਮੀਦਵਾਰ ਹੀ ਮੈਦਾਨ ਵਿੱਚ ਰਹੇ। ਵੱਧ ਵੋਟਾਂ ਲੈਣ ਵਾਲੇ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਹਾਰੇ ਉਮੀਦਵਾਰਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਕੌਂਸਲਰ ਨੇਮ ਚੰਦ ਨੇਮਾ ਨੇ ਚੋਣ ਪ੍ਰਕਿਰਿਆ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਪਾਰਦਰਸ਼ੀ ਢੰਗ ਨਾਲ ਇਹ ਚੋਣ ਹੋਈ ਹੈ। ਉਹ ਰਲ-ਮਿਲ ਕੇ ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣਗੇ। ਇਸ ਚੋਣ ਵਿੱਚ ਵੀ ਅਬਜ਼ਰਵਰ ਦੇ ਤੌਰ ’ਤੇ ਐੱਸ ਡੀ ਐੱਮ ਮਾਨਸਾ ਕਾਲਾ ਰਾਮ ਕਾਂਸਲ ਨੂੰ ਨਿਯੁਕਤ ਕੀਤਾ ਗਿਆ ਸੀ।
ਇਸੇ ਦੌਰਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸ਼ਹਿਰ ਅੰਦਰ ਕਈ ਵਿਕਾਸ ਕਾਰਜ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਸਾਰੀ ਨਗਰ ਕੌਂਸਲ ਮਿਲ ਕੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖ ਕੇ ਚੱਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਤਹਿਤ 31 ਮਾਰਚ ਤੱਕ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਕੌਂਸਲ ਅਧੀਨ ਆਉਂਦੇ ਕੰਮ ਛੇਤੀ ਹੀ ਆਰੰਭ ਕਰ ਕੇ ਨੇਪਰੇ ਚਾੜ੍ਹੇ ਜਾਣਗੇ। ਉਨ੍ਹਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

