ਪਰਮਜੀਤ ਢੀਂਗਰਾ ਦਾ ਸਨਮਾਨ
ਉੱਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਢੀਂਗਰਾ ਨੂੰ ਭਾਸ਼ਾ ਵਿਭਾਗ ਵੱਲੋਂ ‘ਗੁਰਬਖਸ਼ ਸਿੰਘ ਪ੍ਰੀਤਲੜੀ’ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਭਾਸ਼ਾ ਵਿਭਾਗ ਵੱਲੋਂ ਡਾ. ਢੀਂਗਰਾ ਨੂੰ ਲਗਾਤਾਰ ਦੂਜੇ ਵਰ੍ਹੇ ਐਵਾਰਡ ਦਿੱਤਾ ਗਿਆ ਹੈ। ਇਸ ਵਾਰ ਵਾਰਤਕ ਖੇਤਰ ’ਚ ‘ਕਿਤਾਬ ਅਜੇ ਬਾਕੀ ਹੈ’ ਨੂੰ ਸਨਮਾਨਿਤ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਕੋਸ਼ਕਾਰੀ ਖੇਤਰ ’ਚ ‘ਸ਼ਬਦੋ ਵਣਜਾਰਿਓ’ ਨੂੰ ਐਵਾਰਡ ਦਿੱਤਾ ਗਿਆ ਸੀ। ਡਾ. ਢੀਂਗਰਾ ਨੇ ਦੱਸਿਆ ਕਿ ‘ਕਿਤਾਬ ਅਜੇ ਬਾਕੀ ਹੈ’ ਦੀ ਤਿਆਰੀ ਪਿਛਲੇ ਪੰਜ ਸਾਲਾਂ ਤੋਂ ਕਰੋਨਾ ਕਾਲ ਵੇਲੇ ਸ਼ੁਰੂ ਹੋਈ ਹੈ। ਕਰੋਨਾ ਕਾਲ ਵਿੱਚ ਜਦੋਂ ਉਹ ਘਰ ਵਿੱਚ ਬੰਦ ਹੋ ਗਏ ਸਨ ਤਾਂ ਉਨ੍ਹਾਂ ਸੋਸ਼ਲ ਮੀਡੀਆ ਉਪਰ ‘ਲਮਹਾ-ਲਮਹਾ’ ਕਾਲਮ ਸ਼ੁਰੂ ਕੀਤਾ। ਇਸ ਕਾਲਮ ਵਿੱਚ ਆਪਣੇ ਅਤੇ ਦੁਨੀਆ ਭਰ ਦੇ ਵਿਦਵਾਨਾਂ, ਪੁਸਤਕਾਂ, ਫਿਲਮਾਂ, ਰਾਜਨੀਤੀ, ਅਤੇ ਹੋਰ ਖੇਤਰਾਂ ਦੇ ਮਾਹਿਰਾਂ ਦੇ ਵਿਚਾਰ ਪ੍ਰੋਣੇ ਸ਼ੁਰੂ ਕੀਤੇ ਜਿੰਨ੍ਹਾਂ ਨੂੰ ਚੰਗਾ ਹੁਲਾਰਾ ਮਿਲਿਆ। ਬਾਅਦ ਵਿੱਚ ਇੰਨ੍ਹਾਂ ਕਾਲਮਾਂ ਨੂੰ ਹੀ ਸੋਧ ਕੇ ਪੁਸਤਕ ਦਾ ਰੂਪ ਦੇ ਦਿੱਤਾ। ਇਹ ਪੁਸਤਕ ‘ਰੀ-ਥਿੰਕ ਫਾਊਂਡੇਸ਼ਨ’ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣ ’ਤੇ ਖੁਸ਼ੀ ਦੇ ਨਾਲ ਹੋਰ ਲਿਖਣ ਵਾਲੇ ਪ੍ਰੇਰਿਤ ਕੀਤਾ ਹੈ।