ਧਰਮਜੀਤ ਰਾਮੇਆਣਾ ਵੱਲੋਂ ਪਾਣੀ ਤੇ ਸੀਵਰੇਜ ਪ੍ਰਬੰਧਾਂ ਦਾ ਜਾਇਜ਼ਾ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਨੇ ਸ਼ਹਿਰ ਦੇ ਸੀਵਰੇਜ ਪ੍ਰਬੰਧਾਂ ਦਾ ਨਿਰੀਖ਼ਣ ਕੀਤਾ। ਉਹ ਨਾਕਸ ਸੀਵਰੇਜ ਸਿਸਟਮ ਦਾ ਦੋਜ਼ਖ਼ ਹੰਢਾ ਰਹੇ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦਾ ਦਰਦ ਜਾਣਿਆ। ਚੇਅਰਮੈਨ ਨੇ ਮੌਕੇ ’ਤੇ ਮੌਜੂਦ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਇਸ ਬਦਤਰ ਹਾਲਾਤ ਲਈ ਨਾਰਾਜ਼ਗੀ ਪ੍ਰਗਟਾਉਂਦਿਆਂ, ਪੰਦਰਾਂ ਦਿਨਾਂ ਦੇ ਅੰਦਰ ਸਮੱਸਿਆ ਸੁਲਝਾਉਣ ਦੇ ਸਖ਼ਤ ਆਦੇਸ਼ ਦਿੱਤੇ।
ਲੋਕਾਂ ਨੇ ਚੇਅਰਮੈਨ ਨੂੰ ਜਾਣਕਾਰੀ ਦਿੱਤੀ ਕਿ ਬਰਸਾਤੀ ਦਿਨਾਂ ਮੌਕੇ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ। ਚੇਅਰਮੈਨ ਨੇ ਦੱਸਿਆ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਪਹਿਲਾਂ ਤੋਂ ਗ਼ਲਤ ਬਣਿਆ ਹੋਣ ਕਾਰਣ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਸੇਮ ਨਾਲੇ ਵਿੱਚ ਪਾਉਣ ਲਈ ਕਈ ਕਰੋੜੀ ਪ੍ਰਾਜੈਕਟ ਇੱਥੇ ਨਿਰਮਾਣ ਅਧੀਨ ਹੈ ਅਤੇ ਜਲਦੀ ਹੀ ਚਾਲੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵਾਟਰ ਸਪਲਾਈ ਦੀ ਬਿਹਤਰੀ ਲਈ ਵੱਧ ਸਮਰੱਥਾ ਵਾਲੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ’ਤੇ ਜਿਨ੍ਹਾਂ ਖੇਤਰਾਂ ਵਿੱਚ ਪਾਣੀ ਘੱਟ ਪਹੁੰਚਦਾ ਹੈ, ਉੱਥੇ ਵੀ ਪੂਰਾ ਪਾਣੀ ਅੱਪੜੇਗਾ।
ਧਰਮਜੀਤ ਰਾਮੇਆਣਾ ਸ਼ਹਿਰ ਦੇ ਉਨ੍ਹਾਂ ਹਿੱਸਿਆਂ ਵਿੱਚ ਗਏ, ਜਿੱਥੇ ਸੀਵਰੇਜ ਜਾਂ ਵਾਟਰ ਵਰਕਸ ਦੇ ਪਾਣੀ ਦੀ ਸਮੱਸਿਆ ਦੱਸੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਕਸੀਅਨ, ਐਸਡੀਓ, ਜੇਈ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।