ਫ਼ਰੀਦਕੋਟ ’ਚ 4.22 ਕਰੋੜ ਦੇ ਵਿਕਾਸ ਕਾਰਜਾਂ ਦੀ ਮਨਜ਼ੂਰੀ: ਵਿਧਾਇਕ ਸੇਖੋਂ
ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਾਲ ਜੂਝ ਰਹੀ ਨਗਰ ਕੌਂਸਲ ਫ਼ਰੀਦਕੋਟ ਨੂੰ ਪੰਜਾਬ ਸਰਕਾਰ ਨੇ 4 ਕਰੋੋੜ 22 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ ਜਿਸ ਨਾਲ ਸ਼ਹਿਰ ਵਿੱਚ ਅਧੂਰੇ ਪਏ ਕੰਮ ਅਗਲੇ ਕੁਝ ਸਮੇਂ ਵਿੱਚ ਮੁਕੰਮਲ ਹੋਣ ਦੀ ਆਸ ਬੱਝੀ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਤਲਵੰਡੀ ਰੋਡ ਡੈਂਟਲ ਕਾਲਜ ਤੋਂ ਗ੍ਰੀਨ ਐਵੇਨਿਊ ਤੱਕ 60 ਐਮ.ਐਮ ਮੋਟੇ ਆਰ.ਸੀ.ਸੀ. ਪਾਈਪ ਉੱਤੇ ਇੰਟਰਲਾਕਿੰਗ ਟਾਈਲਾਂ ਪਾਉਣ ਦਾ ਕੰਮ 44.09 ਲੱਖ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸਦੇ ਨਾਲ ਹੀ ਟੀ.ਸੀ.ਪੀ. ਗੇਟ ਨੰਬਰ 3 ਤੋਂ ਸੰਦੂ ਸ਼ਾਹ ਚੌਕ ਤੱਕ ਏਅਰਡ੍ਰੋਮ ਰੋਡ ਦੇ ਨਿਰਮਾਣ ਕਾਰਜ 303.01 ਲੱਖ ਦੀ ਲਾਗਤ ਨਾਲ ਹੋਵੇਗਾ। ਅਨਾਜ ਮੰਡੀ ਤੋਂ ਜੁਬਲੀ ਸਿਨੇਮਾ ਚੌਂਕ ਤੱਕ ਬੀ.ਐਮ. ਅਤੇ ਪੀ.ਸੀ. ਰੋਡ 14.25 ਲੱਖ ਵਿਚ ਬਣਾਇਆ ਜਾਵੇਗਾ ਅਤੇ ਡਾਲਫਿਨ ਚੌਂਕ ਤੋਂ ਤਾਰਾ ਪਲੇਸ ਤੱਕ ਪੁਰਾਣੀ ਕਨਾਲ ਰੋਡ ਦਾ ਵਿਕਾਸ 61.35 ਲੱਖ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਲ 4 ਕਰੋੜ 22 ਲੱਖ ਦੀ ਲਾਗਤ ਨਾਲ ਇਹ ਵਿਕਾਸ ਕੰਮ ਫਰੀਦਕੋਟ ਨਗਰ ਕੌਂਸਲ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ। ਸ੍ਰੀ ਸੇਖੋਂ ਨੇ ਕਿਹਾ ਕਿ ਇਹ ਸਾਰੇ ਕੰਮ ਲੋਕਾਂ ਦੀ ਸੁਵਿਧਾ, ਆਵਾਜਾਈ ਅਤੇ ਆਰਥਿਕ ਤਰੱਕੀ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਜਾ ਰਹੇ ਹਨ।