ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਬਠਿੰਡਾ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਲਈ ਲਗਭਗ 112 ਕਰੋੜ ਰੁਪਏ ਦੇ ਵੱਡੇ ਵਿਕਾਸ ਪ੍ਰਾਜੈਕਟਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਕਮਿਸ਼ਨਰ ਕੰਜਨ, ਜੁਆਇੰਟ ਕਮਿਸ਼ਨਰ ਜਸਪਾਲ ਸਿੰਘ, ਸਹਾਇਕ ਕਮਿਸ਼ਨਰ ਸੁਨੀਲ ਮਹੇਤਾ, ਐੱਸ.ਈ. ਸੰਦੀਪ ਗੁਪਤਾ, ਐਕਸੀਅਨ ਰਜਿੰਦਰ ਕੁਮਾਰ, ਨੀਰਜ ਕੁਮਾਰ ਅਤੇ ਸਮੂਹ ਕੌਂਸਲਰ ਹਾਜ਼ਰ ਸਨ।
ਮੇਅਰ ਅੱਜ ਪੱਗ ਬੰਨ ਕੇ ਹਾਊਸ ਮੀਟਿੰਗ ਵਿੱਚ ਪੁੱਜੇ ਜੋ ਸਭ ਲਈ ਖਿੱਚ ਦਾ ਕੇਂਦਰ ਬਣੇ ਰਹੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਠਿੰਡਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸ਼ਹਿਰ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੇ ਸੁੰਦਰੀਕਰਨ ਕਰਨ ਲਈ 6 ਕਰੋੜ ਰੁਪਏ ਖਰਚੇ ਜਾਣਗੇ, ਉੱਥੇ ਰੋਜ਼ ਗਾਰਡਨ ’ਚ 1.75 ਕਰੋੜ ਰੁਪਏ ਨਾਲ ਆਰਟ ਗੈਲਰੀ ਬਣਾਉਣ ਅਤੇ ਸਰਹਿੰਦ ਨਹਿਰ ਕੰਢੇ 2.37 ਕਰੋੜ ਰੁਪਏ ਨਾਲ ਨੇਚਰ ਪਾਰਕ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਸਫ਼ਾਈ ਪ੍ਰਣਾਲੀ ਮਜ਼ਬੂਤ ਕਰਨ ਲਈ ਸਕਸ਼ਨ ਮਸ਼ੀਨਾਂ, ਜੈਟਿੰਗ ਮਸ਼ੀਨਾਂ, 15 ਟਰੈਕਟਰ ਟਰਾਲੀਆਂ, ਵੈਕਿਊਮ ਲੀਫ ਕੁਲੈਕਸ਼ਨ ਮਸ਼ੀਨ, ਗ੍ਰੀਨ ਵੇਸਟ ਸ਼ਰੈਡਰ ਸਮੇਤ ਕਈ ਮਸ਼ੀਨਾਂ ਖਰੀਦਣ ਲਈ ਵੀ ਓਕੇ ਦਿੱਤਾ ਗਿਆ। ਸ਼ਹਿਰ ਦੇ ਸੀਵਰੇਜ ਸਿਸਟਮ, ਵਰਖਾ ਜਲ ਨਿਕਾਸੀ ਅਤੇ ਵਾਟਰ ਸਟੋਰੇਜ ਟੈਂਕਾਂ ਦੀ ਮੁਰੰਮਤ ਅਤੇ ਨਿਰਮਾਣ ਨੂੰ ਵੀ ਹਰੀ ਝੰਡੀ ਦਿੱਤੀ ਗਈ। ਮੇਅਰ ਨੇ ਦੱਸਿਆ ਕਿ ਪਾਰਕਾਂ ਵਿੱਚ ਬੱਚਿਆਂ ਦੇ ਖੇਡਣ ਵਾਲੇ ਸਾਧਨ, ਓਪਨ ਏਅਰ ਜਿਮ, ਬੈਂਚ ਅਤੇ ਜੌਗਰ ਪਾਰਕਾਂ ਦੇ ਵਿਕਾਸ ਦਾ ਪ੍ਰਸਤਾਵ ਵੀ ਪਾਸ ਹੋਇਆ। ਇਸ ਤੋਂ ਇਲਾਵਾ ਹਾਜੀ ਰਤਨ ਲਿੰਕ ਰੋਡ ਚੌਕ ਦਾ ਨਾਮ ਭਾਈ ਨੰਦ ਲਾਲ ਜੀ ਚੌਕ ਅਤੇ ਜੱਸੀ ਚੌਕ ਨੇੜਲੇ ਇਲਾਕੇ ਦਾ ਨਾਮ ਬਾਬਾ ਬਹਾਲ ਦਾਸ ਨਗਰ ਰੱਖਣ ਦਾ ਫੈਸਲਾ ਵੀ ਲਿਆ ਗਿਆ। ਮੀਟਿੰਗ ਵਿੱਚ ਸਰਕਾਰੀ ਤੇ ਛੱਪੜ ਵਾਲੀ ਜਗ੍ਹਾ ’ਤੇ ਹੋ ਰਹੇ ਕਬਜ਼ਿਆਂ ਦਾ ਮੁੱਦਾ ਵੀ ਉੱਠਿਆ।
ਗੈਰ-ਕਾਨੂੰਨੀ ਕਬਜ਼ੇ ਖਤਮ ਕਰਵਾਉਣ ਦੇ ਹੁਕਮ
ਮੇਅਰ ਨੇ ਅਧਿਕਾਰੀਆਂ ਨੂੰ ਗੈਰਕਾਨੂੰਨੀ ਕਬਜ਼ੇ ਖਤਮ ਕਰਵਾਉਣ ਦੇ ਹੁਕਮ ਦਿੱਤੇ। ਸੇਂਟ ਜੋਸਫ਼ ਸਕੂਲ ਵੱਲੋਂ ਕਥਿਤ ਤੌਰ ’ਤੇ ਬਣਾਏ ਗਏ ਗੈਰਕਾਨੂੰਨੀ ਗੇਟ ਅਤੇ ਨਿਗਮ ਦੀ ਜਗ੍ਹਾ ਨੂੰ ਪਾਰਕਿੰਗ ਵਜੋਂ ਵਰਤਣ ਦੇ ਮਾਮਲੇ ’ਤੇ ਵੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤਾ ਗਿਆ।

