‘ਸਿੱਖਿਆ ਕ੍ਰਾਂਤੀ’ ਦੇ ਬਾਵਜੂਦ ਦਾਖਲਿਆਂ ਲਈ ਅਧਿਆਪਕ ਘਰੋ-ਘਰੀ ਤੋਰੇ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਫਰਵਰੀ
ਸਰਕਾਰ ਵੱਲੋਂ ਭਾਵੇਂ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਰਾਜ ਭਰ ਵਿੱਚ ਅਧਿਆਪਕ ਘਰ-ਘਰ ਜਾ ਕੇ ਬੱਚਿਆਂ ਦੇ ਦਾਖ਼ਲਿਆਂ ਲਈ ਮਿੰਨਤਾਂ-ਤਰਲੇ ਕਰ ਰਹੇ ਹਨ। ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਹਰ ਰੋਜ਼ ਦਾਖ਼ਲ ਕੀਤੇ ਵਿਦਿਆਰਥੀਆਂ ਦੀਆਂ ਰਿਪੋਰਟਾਂ ਭੇਜਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਕਹਿ ਰਹੀਆਂ ਹਨ ਕਿ ਜੇ ਹਕੂਮਤ ਦੇ ਦਾਅਵੇ ਮੁਤਾਬਕ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਹੈ ਤਾਂ ਮਾਪੇ ਆਪ ਮੁਹਾਰੇ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾ ਦੇਣਗੇ।
ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ’ਚ ਦਾਖ਼ਲਾ ਵੈਨਾਂ ਰਾਹੀਂ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉਧਰ ਅਧਿਆਪਕ ਜਥੇਬੰਦੀਆਂ ਦੀ ਦਲੀਲ ਹੈ ਕਿ ਹਰ ਹਲਕੇ ’ਚ ਇਕ-ਇਕ ਸਕੂਲ ਆਫ ਐਮੀਨੈਂਸ ਬਣਾ ਕੇ ਪੰਜਾਬ ਭਰ ’ਚ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ। ਸਗੋਂ ਸਾਰੇ ਸਕੂਲਾਂ ਵਿੱਚ ਸਾਰੀਆਂ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾ ਕੇ ਹੀ ਸਿੱਖਿਆ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ। ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾਈ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਸਕੂਲ ਹਾਲੇ ਮੁੱਢਲੀਆਂ ਸਾਹੂਲਤਾਂ ਨੂੰ ਤਰਸ ਰਹੇ ਹਨ। ਰਾਜ ਭਰ ਵਿੱਚ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਸੈਕੜੇ ਅਸਾਮੀਆਂ ਖਾਲੀ ਪਈਆਂ ਹਨ।
ਸਕੂਲਾਂ ’ਚ ਹਰ ਘਾਟ ਪੂਰੀ ਕੀਤੀ ਜਾਵੇਗੀ: ਵਿਧਾਇਕ ਸਿੰਗਲਾ
ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੀਆਂ ਸਹੂਲਤਾਂ ਦੋ ਸਾਲਾਂ ਵਿੱਚ ਦਿੱਤੀਆਂ ਹਨ, ਓਨੀਆਂ ਹੋਰ ਹਕੂਮਤਾਂ ਨੇ ਦਹਾਕਿਆਂ ਬੱਧੀ ਆਪਣੇ ਰਾਜ ਦੌਰਾਨ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਜੇ ਫਿਰ ਵੀ ਸਕੂਲਾਂ ’ਚ ਕੋਈ ਘਾਟ ਹੈ ਤਾਂ ਉਸ ਨੂੰ ਪੂਰਾ ਕੀਤਾ ਜਾਵੇਗਾ।
ਕੋਈ ਕਸਰ ਨਹੀਂ ਛੱਡਾਂਗੇ: ਜ਼ਿਲ੍ਹਾ ਸਿੱਖਿਆ ਅਫਸਰ
ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਇਥੇ ਕਾਰਜਭਾਰ ਸੰਭਾਲਿਆ ਹੈ, ਉਹ ਮਾਨਸਾ ਜ਼ਿਲ੍ਹੇ ’ਚ ਸਿੱਖਿਆ ਦੀ ਬਿਹਤਰੀ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।