ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 19 ਮਾਰਚ
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਬਾਲ ਸੁਧਾਰ ਘਰ (ਅਬਜ਼ਰਵੇਸ਼ਨ ਹੋਮ) ਦਾ ਦੌਰਾ ਕਰਕੇ ਇੱਥੇ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਬੱਚਿਆਂ ਦੇ ਰਹਿਣ ਵਾਲੇ ਕਮਰਿਆਂ ਅਤੇ ਰਸੋਈ ਘਰ ਵਿੱਚ ਬਣ ਰਹੇ ਖਾਣੇ ਨੂੰ ਚੈੱਕ ਕੀਤਾ। ਉਪਰੰਤ ਉਨ੍ਹਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਬਾਰੇ ਸੁਪਰਡੈਂਟ ਅਬਜਰਵੇਸ਼ਨ ਹੋਮ ਤੋਂ ਜਾਣਕਾਰੀ ਲਈ।
ਇਸ ਮੌਕੇ ਸੁਪਰਡੈਂਟ ਅਬਜਰਵੇਸ਼ਨ ਹੋਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦੀ ਡਿਊਟੀ ਲਗਵਾਈ ਹੋਈ ਹੈ। ਪੜ੍ਹਾਈ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਦਸਵੀਂ, 12ਵੀਂ ਅਤੇ ਗਰੈਜੂਏਸ਼ਨ ਦੇ ਇਮਤਿਹਾਨ ਦਿਵਾਏ ਜਾ ਰਹੇ ਹਨ। ਖੇਡਾਂ ਬਾਰੇ ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਕੋਚਾਂ ਦੀ ਡਿਊਟੀ ਲੱਗੀ ਹੋਈ ਹੈ ਅਤੇ ਕੋਚਾਂ ਵੱਲੋਂ ਆਊਟਡੋਰ ਖੇਡਾਂ ਜਿਵੇਂ ਬਾਸਕਟਬਾਲ ਆਦਿ ਦਾ ਅਭਿਆਸ ਕਰਵਾਇਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ, ਪ੍ਰੋਟੈਕਸ਼ਨ ਅਫਸਰ ਆਈਸੀ ਸੁਖਮੰਦਰ ਸਿੰਘ, ਮੈਂਬਰ ਬਾਲ ਭਲਾਈ ਤੇਜਿੰਦਰਪਾਲ ਕੌਰ ਅਤੇ ਬੱਚਿਆਂ ਦੇ ਮਾਹਿਰ ਡਾ. ਮਨਜੀਤ ਕ੍ਰਿਸ਼ਨ ਭੱਲਾ ਆਦਿ ਹਾਜ਼ਿਰ ਸਨ।