DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁੰਗਰਦੀ ਕਣਕ ’ਤੇ ਸੁੰਡੀ ਦੇ ਹਮਲੇ ਮਗਰੋਂ ਵਿਭਾਗ ਹਰਕਤ ’ਚ

ਖੇਤੀਬਾੜੀ ਮਹਿਕਮੇ ਵੱਲੋਂ ਪਿੰਡ ਭੈਣੀਬਾਘਾ, ਖੋਖਰ ਕਲਾਂ ਅਤੇ ਠੂਠਿਆਂਵਾਲੀ ’ਚ ਕਣਕ ਦੇ ਖੇਤਾਂ ਦਾ ਦੌਰਾ
  • fb
  • twitter
  • whatsapp
  • whatsapp
featured-img featured-img
ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਅਧਿਕਾਰੀ।
Advertisement

ਅੰਨਦਾਤੇ ਨੂੰ ਮਾਰ

ਜੋਗਿੰਦਰ ਸਿੰਘ ਮਾਨ

ਮਾਨਸਾ, 20 ਨਵੰਬਰ

Advertisement

ਮਾਲਵਾ ਖੇਤਰ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਪੁੰਗਰਨ ਦੌਰਾਨ ਗੁਲਾਬੀ ਸੁੰਡੀ ਦੇ ਹਮਲੇ ਸਾਹਮਣੇ ਆਉਣ ਬਾਅਦ ਖੇਤੀਬਾੜੀ ਵਿਭਾਗ ਹਰਕਤ ਆ ਗਿਆ ਹੈ। ਇਹ ਹਮਲੇ ਕਿਸਾਨਾਂ ਵੱਲੋਂ ਉਨ੍ਹਾਂ ਵਿੱਚ ਹੋਏ ਦੱਸੇ ਜਾਂਦੇ ਹਨ, ਜਿੱਥੇ ਕਿਸਾਨਾਂ ਨੇ ਬਿਨਾਂ ਪਰਾਲੀ ਫੂਕਿਆ ਕਣਕ ਦੀ ਬਿਜਾਈ ਕੀਤੀ ਸੀ। ਮਾਨਸਾ ਜ਼ਿਲ੍ਹੇ ਵਿੱਚ ਇਹ ਹਮਲੇ ਦੇ ਮਾਮਲੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜਣ ਤੋਂ ਤੁਰੰਤ ਬਾਅਦ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਖੇਤੀ ਵਿਭਾਗ ਨੂੰ ਤੁਰੰਤ ਹਦਾਇਤ ਕਰਦਿਆਂ ਖੇਤੀ ਅਧਿਕਾਰੀਆਂ ਨੂੰ ਖੇਤਾਂ ਵਿੱਚ ਜਾ ਕੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਤੁਰੰਤ ਰਿਪੋਰਟ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਵੱਲੋਂ ਇਸ ਮਾਮਲੇ ਵਿੱਚ ਆਪਣੀ ਟੀਮ ਸਮੇਤ ਪਿੰਡ ਭੈਣੀਬਾਘਾ, ਖੋਖਰ ਕਲਾਂ ਅਤੇ ਠੂਠਿਆਂਵਾਲੀ ਤੇ ਹੋਰ ਪਿੰਡਾਂ ਵਿੱਚ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਕਿਤੇ-ਕਿਤੇ ਗੁਲਾਬੀ ਸੁੰਡੀ ਦੇਖਣ ਵਿੱਚ ਆਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਣਕ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਦੇਖੀ ਗਈ ਹੈ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸ਼ਿਫਾਰਿਸ਼ਾਂ ਅਨੁਸਾਰ 1 ਲਿਟਰ ਡਰਸਬਾਨ 20 ਈ.ਸੀ (ਕਲੋਰਪਾਈਰੀਫਾਸ) ਨੂੰ 20 ਕਿਲੋ ਸਲਾਬੀ ਮਿੱਟੀ ਵਿੱਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾ ਛੱਟਾ ਦੇਣ ਜਾਂ ਇਸ ਦੇ ਬਦਲ ਵਿੱਚ 50 ਮਿਲੀਲੀਟਰ ਪ੍ਰਤੀ ਏਕੜ ਕੋਰਾਜਨ 18.5 ਐਸ.ਸੀ (ਕਲੋਰਐਂਟਰਾਨਿਲੀਪਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਸਪਰੇਅ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਕਰੀਬ 88 ਫੀਸਦੀ ਖੇਤਰਫਲ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ, ਜਿਨ੍ਹਾਂ ਕਿਸਾਨਾਂ ਵੱਲੋਂ ਹੁਣ ਤੱਕ ਬਿਜਾਈ ਨਹੀਂ ਕੀਤੀ ਗਈ ਹੈ, ਉਹ ਡੀਏਪੀ ਖਾਦ ਦੇ ਬਦਲ ਵਜੋਂ ਪੀ.ਏ.ਯੂ ਲੁਧਿਆਣਾ ਵੱਲੋਂ ਸ਼ਿਫਾਰਿਸ਼ ਹੋਰ ਵੀ ਫਾਸਫੇਟਿਕ ਖਾਦਾਂ (ਸਿੰਗਲ ਸੁਪਰ ਫਾਸਫੇਟ, 20:20:13, ਟਰਿਪਲ ਸੁਪਰ ਫਾਸਫੇਟ) ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਇਹਨਾਂ ਖਾਦਾਂ ਦੀ ਵਰਤੋ ਕਰਕੇ ਵੀ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ।

Advertisement
×