ਧਾਰਮਿਕ ਸਥਾਨਾਂਂ ’ਤੇ ਡੇਂਗੂ ਦੇ ਲਾਰਵੇ ਦੀ ਜਾਂਚ
ਮੀਂਹਾਂ ਦੇ ਨੀਵੀਂਆਂ ਥਾਵਾਂ ਵਿੱਚ ਖੜ੍ਹੇ ਪਾਣੀ ਤੋਂ ਪੈਦਾ ਹੋਣ ਲੱਗਿਆ ਮੱਛਰ ਹੁਣ ਸਿਹਤ ਵਿਭਾਗ ਲਈ ਸਿਰਦਰਦੀ ਬਣਨ ਲੱਗਿਆ ਹੈ। ਇਸ ਮੱਛਰ ਤੋਂ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਫੈਲਣ ਲੱਗੀ ਹੈ। ਮਹਿਕਮੇ ਵੱਲੋਂ ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਇਸ ਮੁਹਿੰਮ ਤਹਿਤ ਇੱਥੇ ਡੇਰਾ ਬਾਬਾ ਭਾਈ ਗੁਰਦਾਸ, ਦੇਵੀ ਮੰਦਿਰ, ਜੈਨ ਭਵਨ, ਮਨਸਾ ਦੇਵੀ ਧਰਮਸ਼ਾਲਾ, ਗੁਰਦੁਆਰਾ ਨਿਹੰਗ ਸਿੰਘ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਵੀ ਮੌਜੂਦ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਗਰਮੀ ਅਤੇ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਡੇਂਗੂ ਤੇ ਮਲੇਰੀਏ ਤੋਂ ਬਚਾਓ ਲਈ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ, ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਟਰੇਨਿੰਗ ਦੇ ਕੇ ਘਰ-ਘਰ ਜਾ ਕੇ ਲਾਰਵੇ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਸਿਹਤ ਕਰਮੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਹਰ ਸ਼ੁੱਕਰਵਾਰ ਸਵੇਰੇ 9 ਤੋਂ 10 ਵਜੇ ਤੱਕ ਇਸ ਮੁਹਿੰਮ ’ਚ ਸਹਿਯੋਗ ਦੇਵੇ। ਇਸ ਮੌਕੇ ਡੇਰਾ ਭਾਈ ਗੁਰਦਾਸ ਮੁਖੀ ਸੰਤ ਕੇਸ਼ਵ ਮੁਨੀ ਨੇ ਸਹਿਯੋਗ ਦਿੱਤਾ।
ਇਸ ਮੌਕੇ ਡਾ. ਕੰਵਲਪ੍ਰੀਤ ਬਰਾੜ, ਚਾਨਣ ਸਿੰਘ, ਵਿਜੇ ਕੁਮਾਰ, ਦਰਸ਼ਨ ਸਿੰਘ, ਸੰਤੋਸ਼ ਭਾਰਤੀ, ਰਾਮ ਕੁਮਾਰ, ਬਲਜੀਤ ਸਿੰਘ, ਗੁਰਿੰਦਰ ਜੀਤ ਤੇ ਕ੍ਰਿਸ਼ਨ ਲਾਲ ਵੀ ਮੌਜੂਦ ਸਨ।