ਮਾਓਵਾਦੀਆਂ ਨੂੰ ਪੁਲੀਸ ਮੁਕਾਬਲਿਆਂ ’ਚ ਮਾਰਨ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਮਈ
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਛੱਤੀਸਗੜ੍ਹ ਵਿੱਚ ਨਕਸਲਵਾਦ ਤੇ ਮਾਓਵਾਦ ਨੂੰ ਕੁਚਲਣ ਲਈ ਵਿੱਢੇ ਅਪਰੇਸ਼ਨ ਦਾ ਵਿਰੋਧਤਾ ਕਰਦਿਆਂ ਕਥਿਤ ਨਿਹੱਥੇ ਮਾਓਵਾਦੀਆਂ ਦੀਆਂ ਹੱਤਿਆਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਸਕੱਤਰੇਤ ਮੈਂਬਰ ਡਾ. ਅਜੀਤਪਾਲ ਸਿੰਘ ਅਤੇ ਪ੍ਰੈੱੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਮਾਓਵਾਦ ਨਾਲ ਲੜਨ ਦੀ ਆੜ ਵਿੱਚ ਭਾਜਪਾ ਸਰਕਾਰ ਵੱਲੋਂ ਵਿੱਢੇ ‘ਅਪਰੇਸ਼ਨ ਕਾਗਾਰ’ ਤਹਿਤ ਸੰਘਰਸ਼ੀਲ ਲੋਕਾਂ ਨੂੰ ਵਿਸ਼ਾਲ ਪੱਧਰ ’ਤੇ ਉਜਾੜਿਆ ਅਤੇ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਕਮਿਊਨਿਸਟ ਪਾਰਟੀ ਮਾਓਵਾਦੀ ਦੇ ਆਗੂ ਕੇਸ਼ਵਰਾ ਨੂੰ ਮੁਕਾਬਲੇ ’ਚ ਮਾਰਿਆ ਹੈ, ਜਦੋਂ ਕਿ ਹਕੀਕਤ ਇਹ ਹੈ ਕਿ 72 ਸਾਲਾ ਕਾਮਰੇਡ ਕੇਸ਼ਵ ਰਾਓ ਬਿਮਾਰ ਸੀ ਅਤੇ ਉਹ ਓੜੀਸਾ ਵਿੱਚ ਇਲਾਜ ਕਰਵਾ ਰਿਹਾ ਸੀ, ਉਥੋਂ ਉਸ ਨੂੰ ਕਈ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਪੁਲੀਸ ਮੁਕਾਬਲਾ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਇਹ ਅਤਿ ਨਿੰਦਨਯੋਗ ਹੈ ਅਤੇ ਫੌਰਨ ਬੰਦ ਹੋਣਾ ਚਾਹੀਦਾ ਹੈ, ਉਥੇ ਕਾਮਰੇਡ ਕੇਸ਼ਵਾ ਰਾਓ ਦੇ ਝੂਠੇ ਪੁਲੀਸ ਮੁਕਾਬਲੇ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ।