ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਕਿ ਪਿੰਡ ਖਿਆਲੀ ਵਾਲੇ ਵਿੱਚ ਸਾਲ 2023 ਦੌਰਾਨ ਨਰੇਗਾ ਫੰਡ ਨਾਲ ਬਣਾਈ ਗਈ ਯੂਥ ਲਾਇਬਰੇਰੀ ਅੱਜ ਤੱਕ ਨਹੀਂ ਖੁੱਲ੍ਹ ਸਕੀ। ਉਨ੍ਹਾਂ ਦੱਸਿਆ ਕਿ ਲਾਈਬਰੇਰੀ ਲਈ ਸਰਕਾਰ ਵੱਲੋਂ ਸੈਂਕੜੇ ਕਿਤਾਬਾਂ ਅਤੇ ਫਰਨੀਚਰ ਮੁਹੱਈਆ ਕਰਵਾਇਆ ਗਿਆ ਸੀ, ਪਰ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਲਾਪਰਵਾਹੀ ਕਾਰਨ ਇਹ ਸਭ ਬੇਕਾਰ ਪਿਆ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਤੱਕ ਨੂੰ ਬੇਨਤੀ ਕੀਤੀ ਗਈ ਕਿ ਲਾਇਬਰੇਰੀ ਨੂੰ ਖੋਲ੍ਹਿਆ ਜਾਵੇ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੁਝ ਆਪੇ ਬਣੇ ਪ੍ਰਬੰਧਕਾਂ ਵੱਲੋਂ ਲਾਇਬਰੇਰੀ ਦਾ ਸਾਮਾਨ ਵੀ ਆਪਣੇ ਘਰਾਂ ਵਿੱਚ ਸਾਂਭ ਲਿਆ ਹੈ। ਜਦਕਿ ਪਿੰਡ ਦੇ ਨੌਜਵਾਨ ਪੜ੍ਹਨ ਲਈ ਹੋਰ ਲਾਇਬਰੇਰੀਆਂ ਤੋਂ ਕਿਤਾਬਾਂ ਲਿਆ ਕੇ ਪੜ੍ਹ ਰਹੇ ਹਨ।’’ ਉਨ੍ਹਾਂ ਕਿਹਾ ਲਾਇਬਰੇਰੀ ਨਾ ਖੋਲ੍ਹਣ ਦਾ ਕਾਰਨ ਇਹ ਦਿੱਤਾ ਗਿਆ ਹੈ ਕਿ ਜ਼ਿਆਦਾਤਰ ਕਿਤਾਬਾਂ ਅੰਗਰੇਜ਼ੀ ਵਿੱਚ ਹਨ। ਮੋਰਚੇ ਵੱਲੋਂ ਮੰਗ ਕੀਤੀ ਗਈ ਹੈ ਕਿ ਲਾਇਬ੍ਰੇਰੀ ਨੂੰ ਤੁਰੰਤ ਖੋਲ੍ਹਿਆ ਜਾਵੇ ਅਤੇ ਇਸਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲਾਇਬਰੇਰੀ ਨੂੰ ਜਲਦ ਨਾ ਖੋਲ੍ਹਿਆ ਗਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।