ਮਾਨਸਾ ’ਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ
ਮਾਨਸਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਵੱਲੋਂ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵਾਰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਰੋਸੇ ਦੇ ਬਾਵਜੂਦ ਉਨ੍ਹਾਂ ਦੇ ਘਰਾਂ ਅੱਗੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਹਾਲੇ ਤੱਕ ਨਹੀਂ ਕੱਢਿਆ ਗਿਆ ਹੈ।
ਸ਼ਹਿਰ ਦੇ ਵਾਰਡ ਨੰ: 16,17 ਅਤੇ 18 ਦੇ ਲੋਕਾਂ ਨੇ ਦੱਸਿਆ ਕਿ ਸਾਰੇ ਵਾਰਡਾਂ ਵਿੱਚ ਕਈ ਦਿਨਾਂ ਤੋਂ ਗੰਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਤਾਂ ਲੰਘਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਦੇ ਇਸ ਗੰਦੇ ਪਾਣੀ ਨਾਲ ਮੁਹੱਲੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ।
ਵਾਰਡ ਵਾਸੀ ਜੱਸੀ ਭੰਗੂ ਨੇ ਦੱਸਿਆ ਕਿ ਉਹ ਪ੍ਰਸ਼ਾਸਨ ਅਤੇ ਨਗਰ ਕੌਸਲ ਦੇ ਇਹ ਮਾਮਲਾ ਕਈ ਵਾਰ ਧਿਆਨ ਵਿੱਚ ਲਿਆ ਚੁੱਕੇ ਹਨ, ਪ੍ਰੰਤੂ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹੈ ਅਤੇ ਉਹ ਨਰਕ ਭਰੀ ਜਿੰਦਗੀ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੀਵਰੇਜ਼ ਦੇ ਗੰਦੇ ਪਾਣੀ ਤੋਂ ਨਿਜ਼ਾਤ ਨਾ ਦਿਵਾਈ ਤਾਂ ਉਹ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਮੁਹੱਲੇ ’ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਂਵਾਲਾ ਦਾ ਸਟਾਫ਼ ਰੋਜ਼ਾਨਾ ਟਰੈਕਟਰ ਰਾਹੀਂ ਇਸ ਗੰਦੇ ਪਾਣੀ ’ਚ ਹੋਕੇ ਸਕੂਲ ਪੁੱਜਦਾ ਹੈ। ਇਸ ਮੌਕੇ ਅਰਸ਼ ਸਿੰਘ, ਕਰਤਾਰ ਕੌਰ, ਮਨਜੀਤ ਕੌਰ, ਸੁਖਰਾਜ ਸਿੰਘ, ਸ਼ਿਵਜੀ ਰਾਮ, ਗੁਰਪ੍ਰੀਤ ਸਿੰਘ, ਮਨਜੀਤ ਕੌਰ, ਸੁਰਜੀਤ ਕੌਰ, ਗੁਲਾਬ ਸਿੰਘ, ਲੱਖਾ ਸਿੰਘ, ਅਮਨ ਸਿੰਘ, ਰਿੰਕੂ ਸਿੰਘ, ਵਰਖਾ ਸਿੰਘ ਤੇ ਜੀਵਨ ਸਿੰਘ ਮੌਜੂਦ ਸਨ।
ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਨੂੰ ਕੱਢਣ ਲਈ ਬਕਾਇਦਾ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ਅਤੇ ਛੇਤੀ ਹੀ ਇਸ ਨੂੰ ਕੱਢ ਦਿੱਤਾ ਜਾਵੇਗਾ।