ਸੂਬਾ ਸਰਕਾਰ ਦੀ ਈਜ਼ੀ ਰਜਿਸਟਰੀ ਸਕੀਮ ਸਬੰਧੀ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਚਾਰੂਮਿੱਤਾ ਨੇ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਸਬ ਡਿਵੀਜ਼ਨ ਤੇ ਸਬ ਤਹਿਸੀਲਾਂ ਦੇ ਵਸੀਕਾ ਨਵੀਸਾਂ ਅਤੇ ਪ੍ਰਾਪਰਟੀ ਡੀਲਰਾਂ ਨਾਲ ਮੀਟਿੰਗ ਕਰ ਕੇ ਫ਼ੀਡਬੈੱਕ ਹਾਸਲ ਕੀਤੀ।
ਦੂਜੇ ਪਾਸੇ ‘ਆਪ’ ਦੇ ਟਕਸਾਲੀ ਆਗੂ ਪ੍ਰਾਪਰਟੀ ਕਾਰੋਬਾਰੀ ਤੇ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਅਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਫ਼ਿਲਹਾਲ ਸਕੀਮ ਨਾਲ ਲੋਕਾਂ ਦੀ ਖੱਜਲ ਖ਼ੁਆਰੀ ਵਧੀ ਹੈ। ਇਸ ਵਿਚ ਹੋਰ ਸੁਧਾਰ ਦੀ ਲੋੜ ਹੈ ਇਸ ਤੋਂ ਪਹਿਲਾਂ ਸਬੰਧਤ ਲੋਕ ਇੱਕ ਦਿਨ ਵਿਚ ਰਜਿਸਟਰੀ ਕਰਵਾ ਕੇ ਵੇਹਲੇ ਹੋ ਜਾਂਦੇ ਸਨ ਪਰ ਹੁਣ 5 ਤੋਂ 7 ਦਿਨ ਦਾ ਸਮਾਂ ਲੱਗ ਰਿਹਾ ਅਤੇ ਪੋਰਟਲ ਦੀ ਸਾਈਟ ਕਾਰਨ ਜਿਥੇ ਪਹਿਲਾਂ ਇੱਕ ਦਿਨ ਵਿਚ 50 ਤੋਂ 100 ਰਜਿਸਟਰੀਆਂ ਹੁੰਦੀਆਂ ਸਨ ਹੁਣ ਪੋਰਟਲ ਦੀ ਘੱਟ ਸਪੀਡ ਕਾਰਨ ਇਹ ਗਿਣਤੀ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਸਰਕਾਰ ਵੱਲੋਂ ਇਜ਼ੀ ਰਜਿਸਟਰੀ ਦੀ ਸ਼ੁਰੂਆਤ ਕਰਕੇ ਦਾਅਵਾ ਕਰ ਹੈ ਕਿ ਇਸ ਪ੍ਰਣਾਲੀ ਨਾਲ ਆਮ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਤਹਿਸੀਲ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਅਤੇ ਸਿਫਾਰਸਾਂ ਅਤੇ ਵਿਚੋਲਿਆਂ ਦੀ ਪਰੇਸਾਨੀ ਤੋਂ ਮੁਕਤ ਹੋ ਜਾਣਗੇ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਰਾਜੂਸ਼ਾਹ ਨੇ ਦੱਸਿਆ ਕਿ ਉਹ ਆਪਣੀ ਜਗ੍ਹਾ ਵੇਚਣ ਲਈ ਬਿਹਾਰ ਤੋਂ ਆਇਆ ਹੈ ਅਤੇ ਉਸ ਨੇ 4 ਅਗਸਤ ਨੂੰ ਦਸਤਾਵੇਜ਼ ਅਪਲੋਡ ਕੀਤੇ ਸਨ ਪਰ ਉਨ੍ਹਾਂ ਦੀ ਅੱਜ ਵੀ ਰਜਿਸਟਰੀ ਨਹੀਂ ਹੋ ਸਕੀ। ਹੋਰ ਲੋਕਾਂ ਨੇ ਦੱਸਿਆ ਕਿ ਉਹ ਆਪਣੀ ਰਜਿਸਟਰੀ ਲਈ ਪਤਾ ਕਰਨ ਗਏ ਤਾਂ ਉਨ੍ਹਾਂ ਦਫ਼ਤਰੀ ਬਾਬੂਆਂ ਨੇ ਦੱਸਿਆ ਕਿ “ਇਜੀ ਰਜਿਸਟਰੀ“ ਤਹਿਤ ਅੱਜ 7 ਦਿਨ ਦਾ ਬੈਕਲਾਗ ਚੱਲ ਰਿਹਾ ਹੈ ਅਤੇ 30 ਜੁਲਾਈ ਵਾਲੇ ਲੋਕਾਂ ਦੀਆਂ ਰਜਿਸਟਰੀਆਂ ਹੋ ਰਹੀਆਂ ਹਨ।