ਤਿਰੂਪਤੀ ਰੇਲਗੱਡੀ ਨੂੰ ਏਲਨਾਬਾਦ ਤੋਂ ਹਨੂੰਮਾਨਗੜ੍ਹ ਜੰਕਸ਼ਨ ਤੱਕ ਚਲਾਉਣ ਦੀ ਮੰਗ
ਸ਼ਹਿਰ ਦੀ ਰੇਲ ਸੰਘਰਸ਼ ਸਮਿਤੀ ਦੇ ਅਹੁਦੇਦਾਰਾਂ ਨੇ ਅੱਜ ਉੱਤਰ ਪੱਛਮੀ ਰੇਲਵੇ ਦੇ ਜਨਰਲ ਮੈਨੇਜਰ ਦੇ ਨਾਮ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਦੇ ਕੇ ਤਿਰੂਪਤੀ ਤੋਂ ਹਿਸਾਰ ਜਾਣ ਵਾਲੀ ਹਫਤਾਵਾਰੀ ਰੇਲਗੱਡੀ ਨੂੰ ਏਲਨਾਬਾਦ ਰਸਤੇ ਹਨੂੰਮਾਨਗੜ੍ਹ ਜੰਕਸ਼ਨ ਤੱਕ ਚਲਾਉਣ ਦੀ ਮੰਗ ਕੀਤੀ। ਰੇਲ ਸੰਘਰਸ਼ ਸਮਿਤੀ ਏਲਨਾਬਾਦ ਦੇ ਪ੍ਰਧਾਨ ਨਰਿੰਦਰ ਕੁਮਾਰ ਨੇ ਦੱਸਿਆ ਕਿ ਹਿਸਾਰ ਅਤੇ ਭਿਵਾਨੀ ਰੇਲਵੇ ਸਟੇਸ਼ਨਾਂ 'ਤੇ ਵਾਧੂ ਵਾਸ਼ਿੰਗ ਲਾਈਨਾਂ ਦੇ ਨਿਰਮਾਣ ਅਤੇ ਵਿਸਥਾਰ ਕਾਰਨ ਹਿਸਾਰ ਤੋਂ ਵੱਖ-ਵੱਖ ਨਿਯਮਤ ਅਤੇ ਵਿਸ਼ੇਸ਼ ਰੇਲਗੱਡੀਆਂ ਰੱਦ ਕੀਤੀਆਂ ਜਾਦੀਆਂ ਹਨ, ਜਿਨ੍ਹਾਂ ਵਿੱਚ ਹਿਸਾਰ ਤੋਂ ਤਿਰੂਪਤੀ ਵਾਇਆ ਰਤਲਾਮ-ਅਜਮੇਰ ਆਉਣ ਵਾਲੀ ਰੇਲਗੱਡੀ ਵੀ ਸ਼ਾਮਲ ਹੈ। ਉਨ੍ਹਾਂ ਰੇਲਵੇ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਰੂਪਤੀ, ਹਿਸਾਰ ਰੇਲਗੱਡੀ ਨੂੰ ਰੱਦ ਕਰਨ ਦੀ ਬਜਾਏ ਇਸ ਨੂੰ ਸਾਦੁਲਪੁਰ ਜੰਕਸ਼ਨ ਤੋਂ ਭਾਦਰਾ, ਗੁੱਗਾਮੇਡੀ, ਨੌਹਰ, ਏਲਨਾਬਾਦ ਰੇਲ ਰੂਟ ਰਾਹੀਂ ਹਨੂਮਾਨਗੜ੍ਹ ਜੰਕਸ਼ਨ ਤੱਕ ਚਲਾਇਆ ਜਾਵੇ। ਇਸ ਮੌਕੇ ਸਮਿਤੀ ਦੇ ਸਰਪ੍ਰਸਤ ਮੋਹਨ ਸਿੰਘ ਰੱਖੜਾ, ਪ੍ਰਧਾਨ ਨਰਿੰਦਰ ਗਿਦੜਾ, ਕਨਵੀਨਰ ਐਮ.ਪੀ. ਤੰਵਰ, ਖਜ਼ਾਨਚੀ ਯਸ਼ਪਾਲ ਮਦਾਨ, ਸਕੱਤਰ ਨਵੀਨ ਸ਼ਰਮਾ, ਸੰਦੀਪ ਘੋੜੇਲਾ, ਸੰਦੀਪ ਮਹਿਤਾ, ਸੁਖਦੇਵ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।