ਪੰਜਾਬ ’ਚ ਝੋਨੇ ਦੀ ਖ਼ਰੀਦ 15 ਦਿਨ ਹੋਰ ਚਾਲੂ ਰੱਖਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਪੰਜਾਬ ਸਰਕਾਰ ਤੋਂਂ ਸੂਬੇ ’ਚ ਝੋਨੇ ਦੀ ਖਰੀਦ 15 ਦਿਨ ਹੋਰ ਚਾਲੂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤਾਂ ਕਰ ਕੇ ਝੋਨਾ ਲੇਟ ਹੋਇਆ ਹੈ।...
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਪੰਜਾਬ ਸਰਕਾਰ ਤੋਂਂ ਸੂਬੇ ’ਚ ਝੋਨੇ ਦੀ ਖਰੀਦ 15 ਦਿਨ ਹੋਰ ਚਾਲੂ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤਾਂ ਕਰ ਕੇ ਝੋਨਾ ਲੇਟ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਜੋ ਝੋਨਾ ਮੰਡੀਆਂ ਵਿੱਚ ਆਇਆ ਹੈ, ਉਸ ਵਿਚੋਂ ਕਾਫ਼ੀ ਹੇਰਾ-ਫੇਰੀ ਰਾਹੀਂ ਸ਼ੈੱਲਰ ਮਾਲਕਾਂ, ਆੜ੍ਹਤੀਆਂ ਅਤੇ ਸਰਕਾਰੀ ਖਰੀਦ ਏਜੰਸੀਆਂ ਦੀ ਮਿਲੀਭੁਗਤ ਨਾਲ ਬਾਹਰਲੇ ਸੂਬਿਆਂ ਤੋਂ ਆਇਆ ਹੈ।
ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਭ੍ਰਿਸ਼ਟਾਚਾਰ ਵਰਤਾਰੇ ਦੇ ਬਹਾਨੇ ਪੰਜਾਬ ਦੇ ਕਿਸਾਨਾਂ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਵੱਲੋਂ ਪੈਦਾ ਕੀਤਾ ਝੋਨੇ ਦਾ ਦਾਣਾ ਦਾਣਾ ਖਰੀਦਿਆ ਜਾਵੇ, ਨਹੀਂ ਤਾਂ ਮਜਬੂਰਨ ਮਸਾਲੀ ਸੰਘਰਸ਼ ਇਸ ਮਸਲੇ ’ਤੇ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹਾਲੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਵੱਢਣੋਂ ਖੜ੍ਹਾ ਹੈ, ਜਿਸ ਕਾਰਨ ਸਰਕਾਰ ਨੂੰ ਇਹ ਖਰੀਦ ਘੱਟੋ-ਘੱਟ 15 ਦਿਨ ਹੋਰ ਚਾਲੂ ਰੱਖਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰੀ ਖ਼ਰੀਦ ਜਾਰੀ ਨਹੀਂ ਰਹਿੰਦੀ ਤਾਂ ਵਪਾਰੀ ਕਿਸਾਨਾਂ ਦੀ ਭਾਰੀ ਲੁੱਟ ਕਰਨਗੇ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਹੀ ਕਿਸਾਨ ਝੋਨੇ ਦੀ ਫ਼ਸਲ ਨੂੰ ਲੱਗੇ ਰੋਗ ਤੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਝੱਲ ਚੁੱਕਿਆ ਹੈ।

