ਪੰਜਾਬ ਦੀਆਂ 18 ਪੇਂਡੂ ਲਾਇਬਰੇਰੀਆਂ ਦੇ ਪ੍ਰਬੰਧਕਾਂ ਵੱਲੋਂ ਲਾਇਬਰੇਰੀਆਂ ਦੇ ਬਿਜਲੀ ਬਿੱਲ ‘ਵਪਾਰਕ’ ਤੋਂ ‘ਘਰੇਲੂ’ ਸ਼੍ਰੇਣੀ ਵਿੱਚ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੂੰ ਸੌਂਪਿਆ ਗਿਆ।
ਪ੍ਰਬੰਧਕਾਂ ’ਚ ਸ਼ਾਮਲ ਰਿਸ਼ੀ ਖੀਵਾ ਕਲਾਂ ਨੇ ਦੱਸਿਆ ਕਿ ਕੁਝ ਪਿੰਡਾਂ ਵਿੱਚ ਲਾਇਬਰੇਰੀਆਂ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਲਾਇਬਰੇਰੀਆਂ ਦੇ ਖ਼ਰਚੇ ਹੀ ਹਨ, ਕੋਈ ਕਮਾਈ ਦਾ ਸਾਧਨ ਨਹੀਂ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਲਾਇਬਰੇਰੀਆਂ ਪ੍ਰਤੀ ਦਿਖਾਈ ਜਾ ਰਹੀ ਦਰਿਆ ਦਿਲੀ ਸਦਕਾ ਉਸ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਲਾਇਬ੍ਰੇਰੀਆਂ ਦੀ ਬਿਜਲੀ ਜੇਕਰ ਮੁਫ਼ਤ ਕਰ ਦਿੱਤੀ ਜਾਵੇ, ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ, ਪਰ ਫਿਰ ਵੀ ਜੇ ਸਰਕਾਰ ਦੀ ਮਜ਼ਬੂਰੀ ਹੈ, ਤਾਂ ਬਿੱਲਾਂ ਨੂੰ ‘ਵਪਾਰਿਕ’ ਵਰਗ ’ਚੋਂ ਕੱਢ ਕੇ ‘ਘਰੇਲੂ’ ਖ਼ਪਤਕਾਰਾਂ ਵਾਲੀ ਸ਼੍ਰੇਣੀ ਨਾਲ ਜੋੜ ਦਿੱਤਾ ਜਾਵੇ। ਚੇਅਰਮੈਨ ਭੱਲਾ ਨੇ ਵਫ਼ਦ ਨੂੰ ਵਿਸ਼ਵਾਸ ਦੁਆਇਆ ਕਿ ਉਹ ਇਸ ਮੁੱਦੇ ਬਾਰੇ ਨਿੱਜੀ ਤੌਰ ’ਤੇ ਮੁੱਖ ਮੰਤਰੀ ਨੂੰ ਮਿਲ ਕੇ ਗੱਲ ਕਰਨਗੇ।