ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 19 ਜੂਨ
ਸ਼ਹਿਣਾ ਤੋਂ ਪਿੰਡ ਮੱਲੀਆਂ, ਪੱਖੋਕੇ ਤੇ ਬੱਲੋਕੇ ਨੂੰ ਜਾਂਦੀਆਂ ਸੜਕਾਂ ਨਾ ਬਣਨ ਕਾਰਨ ਕਸਬੇ ਦੇ ਵਪਾਰ ਅਤੇ ਵਿਕਾਸ ’ਚ ਅੜਿੱਕਾ ਹਨ। ਸ਼ਹਿਣਾ ਤੋਂ ਪਿੰਡ ਮੱਲੀਆਂ ਨੂੰ ਜਾਂਦੀ ਸੜਕ ਦਾ ਕਈ ਵਾਰ ਨੀਂਹ ਪੱਥਰ ਰੱਖਿਆ ਗਿਆ ਪ੍ਰੰਤੂ ਫਿਰ ਵੀ ਸੜਕ ਨਹੀਂ ਬਣ ਸਕੀ। ਪਿੰਡ ਮੱਲੀਆਂ ਦੇ ਲੋਕ ਆਪਣੇ ਕਾਰੋਬਾਰ ਅਤੇ ਹੋਰ ਕੰਮਾਂ ਲਈ ਅਕਸਰ ਹੀ ਸ਼ਹਿਣੇ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਸ਼ਹਿਣਾ ਤੋਂ ਪਿੰਡ ਪੱਖੋਕੇ ਸੜਕ ਵੀ ਨਹੀਂ ਬਣ ਸਕੀ। ਦੋਵੇਂ ਪਿੰਡਾਂ ’ਚ ਵਿਧਾਨ ਸਭਾ ਹਲਕਾ ਹੱਦਬੱਦੀ ਨੇ ਵੀ ਸੜਕਾਂ ਨਾ ਬਣਨ ਵਿੱਚ ਬੇਹੱਦ ਅੜਿੱਕਾ ਲਾਇਆ ਹੈ। ਜਿਵੇਂ ਕਿ ਮੱਲੀਆਂ ਅਤੇ ਪੱਖੋਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਪੈਂਦੇ ਹਨ ਅਤੇ ਸ਼ਹਿਣਾ ਵਿਧਾਨ ਸਭਾ ਹਲਕਾ ਭਦੌੜ ਵਿੱਚ ਪੈਂਦਾ ਹੈ। ਲਗਪਗ ਢਾਈ-ਢਾਈ, ਤਿੰਨ-ਤਿੰਨ ਕਿਲੋਮੀਟਰ ਲੰਬੀਆਂ ਸੜਕਾਂ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਨਹੀਂ ਬਣ ਸਕੀਆਂ। ਇਸੇ ਤਰ੍ਹਾਂ ਪਿੰਡ ਬੱਲੋਕੇ ਨੂੰ ਜਾਂਦੀ ਸੜਕ ਵੀ ਨਹੀਂ ਬਣੀ। ਇਸ ਮੌਕੇ ਨਛੱਤਰ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬਹਾਦਰ ਸਿੰਘ, ਪਿੰਡ ਬੱਲੋਕੇ ਦੇ ਸੁਰਜੀਤ ਸਿੰਘ, ਜਗਸੀਰ ਸਿੰਘ, ਪਿੰਡ ਪੱਖੋਕੇ ਦੇ ਕਰਮਜੀਤ ਸਿੰਘ ਨੇ ਮੰਗ ਕੀਤੀ ਕਿ ਸੜਕਾਂ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।