ਆਜ਼ਾਦੀ ਦੇ 77 ਸਾਲ ਬੀਤਣ ਦੇ ਬਾਵਜੂਦ ਸ਼ਹਿਣਾ-ਮੱਲੀਆਂ ਤਿੰਨ ਕਿਲੋਮੀਟਰ ਲੰਬੀ ਸੜਕ ਨਹੀਂ ਬਣੀ ਹੈ। ਲੋਕ ਅੱਜ ਵੀ ਕੱਚੇ ਰਸਤੇ ਰਾਹੀਂ ਜਾਣ ਲਈ ਮਜਬੂਰ ਹਨ। ਪਿੰਡ ਮੱਲੀਆਂ ਕੈਪਟਨ ਕਰਮ ਸਿੰਘ ਪਰਮਵੀਰ ਚੱਕਰ ਜੇਤੂ ਦਾ ਪਿੰਡ ਹੈ। ਸੜਕ ਨਿਰਮਾਣ ’ਚ ਇਹ ਵੀ ਅੜਿੱਕਾ ਬਣਦਾ ਹੈ ਕਿ ਕਸਬਾ ਸ਼ਹਿਣਾ ਵਿਧਾਨ ਸਭਾ ਹਲਕਾ ਭਦੌੜ ’ਚ ਪੈਂਦਾ ਹੈ ਅਤੇ ਪਿੰਡ ਮੱਲੀਆਂ ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਪੈਂਦਾ ਹੈ। ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਵੀ ਇਹ ਤਿੰਨ ਕਿਲੋਮੀਟਰ ਸੜਕ ਬਣਨ ’ਚ ਅੜਿੱਕਾ ਹੀ ਹਨ।
ਕਸਬੇ ਸ਼ਹਿਣਾ ਦੇ ਅੱਧੀ ਦਰਜਨ ਕਲੱਬਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਸੜਕ ਪਹਿਲ ਦੇ ਆਧਾਰ ’ਤੇ ਬਣਾਈ ਜਾਵੇ।
ਇਲਾਕੇ ਦੀਆਂ ਪੰਚਾਇਤਾਂ, ਕਲੱਬਾਂ ਅਤੇ ਸੰਸਥਾਵਾਂ ਨੇ ਸਮੇਂ-ਸਮੇਂ ’ਤੇ ਵੱਖ ਵੱਖ ਪਾਰਟੀਆਂ ਦੇ ਵਿਧਾਇਕਾਂ, ਆਗੂਆਂ, ਮੁੱਖ ਮੰਤਰੀਆਂ ਨੂੰ ਸੜਕ ਬਣਾਉਣ ਲਈ ਮੰਗ ਪੱਤਰ ਵੀ ਦਿੱਤੇ। ਮੰਗ ਪੱਤਰ ਦੇਣ ਵੇਲੇ ਤਾਂ ਇੰਝ ਲਗਦਾ ਸੀ ਕਿ ਸੜਕ ਦਿਨਾਂ ’ਚ ਹੀ ਬਣ ਜਾਵੇਗੀ ਪ੍ਰੰਤੂ ਬਾਅਦ ’ਚ ਕਿਸੇ ਨੇ ਮੰਗ ਪੱਤਰ ਜਾਂ ਲੋਕਾਂ ਦੀ ਮੰਗ ’ਤੇ ਗੌਰ ਹੀ ਨਹੀਂ ਕੀਤੀ ਜਾਂਦੀ।

