ਸਿਵਲ ਹਸਪਤਾਲ ਦਾ ਪਾਰਕ ਬਚਾਓ ਮੁਹਿੰਮ ਤਹਿਤ ਵਿਧਾਇਕ ਨੂੰ ਮੰਗ ਪੱਤਰ
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵੱਲੋਂ ਸਿਵਲ ਹਸਪਤਾਲ ਪਾਰਕ ਨੂੰ ਬਚਾਉਣ ਅਤੇ ਸਿਵਲ ਸਰਜਨ ਦਫ਼ਤਰ ਬਰਨਾਲਾ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਖਵੀਂ ਥਾਂ ’ਤੇ ਤਬਦੀਲ ਕਰਨ ਸਬੰਧੀ ਬਰਨਾਲਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ ਗਿਆ। ਕਮੇਟੀ ਵਫ਼ਦ 'ਚ ਸ਼ਾਮਲ ਆਗੂ ਸੋਹਣ ਸਿੰਘ ਮਾਝੀ, ਨਰਾਇਣ ਦੱਤ, ਕਮਲਦੀਪ ਸਿੰਘ, ਬਲਵੰਤ ਸਿੰਘ ਤੇ ਗੁਰਪ੍ਰੀਤ ਸਿੰਘ ਰੂੜੇਕੇ ਨੇ ਦੱਸਿਆ ਮੰਗ ਰੱਖੀ ਗਈ ਹੈ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਪਾਰਕ ਦੀ ਲੋੜ, ਵਾਤਾਵਰਨ ਅਤੇ ਹਰਿਆਲੀ ਨੂੰ ਮੁੱਖ ਰੱਖਦਿਆਂ ਬਣਾਏ ਜਾਣ ਵਾਲੇ ਫੈਸਿਲੀਟੇਸਨ ਸੈਂਟਰ (ਸੁਵਿਧਾ ਸੈਂਟਰ) ਦੇ ਬਦਲਵੇਂ ਪ੍ਰਬੰਧ ਹਸਪਤਾਲ ਵਿੱਚ ਹੀ ਮੌਜੂਦ ਢੁੱਕਵੇਂ ਥਾਂ ਤੇ ਪ੍ਰਬੰਧ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਮਰੀਜ਼ਾਂ ਅਤੇ ਵਾਰਸਾਂ ਲਈ ਸਿਰਫ਼ ਇੱਕ ਹੀ ਪਬਲਿਕ ਪਾਰਕ ਹੈ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਤਿੰਨ ਪਾਰਕ ਹੋਇਆ ਕਰਦੇ ਸਨ। ਹੁਣ ਰਹਿੰਦੇ ਇੱਕੋ ਇੱਕ ਪਾਰਕ ਨੂੰ ਵੀ ਖ਼ਤਮ ਕਰਨ 'ਤੇ ਪ੍ਰਸ਼ਾਸਨ ਤੁਲਿਆ ਹੋਇਆ ਹੈ। ਆਗੂਆਂ ਨੇ ਕਿਹਾ ਸਿਵਲ ਸਰਜਨ ਦਫ਼ਤਰ ਬਰਨਾਲਾ ਵੱਲੋਂ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਦਾ ਵੱਡਾ ਹਿੱਸਾ ਆਪਣੇ ਦਫ਼ਤਰ ਲਈ ਵਰਤਿਆ ਜਾ ਰਿਹਾ ਹੈ ਜਦ ਕਿ ਜਣੇਪੇ ਲਈ ਆਈਆਂ ਔਰਤਾਂ ਨੂੰ ਲੋੜੀਂਦੇ ਬੈੱਡ ਵੀ ਉਪਲਬਧ ਨਹੀਂ। ਸਿਵਲ ਸਰਜਨ ਦਫ਼ਤਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਖਵੀਂ ਥਾਂ ’ਤੇ ਤਬਦੀਲ ਕਰਨ ਨਾਲ ਮਰੀਜ਼ਾਂ ਨੂੰ ਸਹੂਲਤ ਮਿਲ ਸਕੇਗੀ। ਦੱਸਣਯੋਗ ਹੈ ਕਿ ਬਚਾਓ ਕਮੇਟੀ ਵੱਲੋਂ ਇਸ ਮਾਮਲੇ ਸਬੰਧੀ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਸਥਾਨਕ ਮਾਰਕੀਟ ਕਮੇਟੀ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਰਾਹੀਂ ਮੰਗ ਪੱਤਰ ਸੌਂਪਿਆ ਜਾ ਚੁੱਕਾ ਹੈ।