ਜ਼ਮੀਨ ਸੁਧਾਰ ਕਾਨੂੰਨ ਤਹਿਤ ਜ਼ਮੀਨ ਦੀ ਵੰਡ ਕਰਨ ਦੀ ਮੰਗ
ਖੇਤੀਬਾੜੀ ਵਿਭਾਗ ਵੱਲੋਂ 2015 ਵਿੱਚ ਕੀਤੇ ਇਕ ਸਰਵੇ ਅਨੁਸਾਰ ਪੰਜਾਬ ਦੇ ਕਰੀਬ 57 ਹਜ਼ਾਰ 707 ਪਰਿਵਾਰਾਂ ਕੋਲ 37 ਏਕੜ ਪ੍ਰਤੀ ਪਰਿਵਾਰ ਤੋਂ ਵੱਧ ਰਕਬਾ ਹੈ ਜਦੋਂ ਕਿ ਜ਼ਮੀਨੀ ਸੁਧਾਰ ਕਾਨੂੰਨਾਂ ਤਹਿਤ ਪ੍ਰਤੀ ਪਰਿਵਾਰ 17 ਏਕੜ ਜ਼ਮੀਨ ਰੱਖ ਸਕਦਾ ਹੈ। ਇਸ ਤਰ੍ਹਾਂ ਇਨ੍ਹਾਂ ਪਰਿਵਾਰਾਂ ਕੋਲ ਕਰੀਬ ਸਾਢੇ 11 ਲੱਖ ਏਕੜ ਤੋਂ ਵੱਧ ਰਕਬਾ ਸਰਪਲਸ ਹੈ। ਇਹ ਦਾਅਵਾ ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਦੇ ਸੂਬਾ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਇਥੇ ਪਿੰਡ ਭਾਗਸਰ, ਖੁੰਡੇ ਹਲਾਲ ਆਦਿ ਵਿਖੇ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਚੋਰੀ-ਮੋਰੀਆਂ ਰਾਹੀਂ ਇਸ ਤੋਂ ਵੱਧ ਰਕਬਾ ਸਰਪਲਸ ਹੈ। ਹੁਣ ਜਥੇਬੰਦੀ ਇਹੀ ਮੰਗ ਕਰਦੀ ਹੈ ਕਿ ਜ਼ਮੀਨ ਸੁਧਾਰ ਨੇਮਾਂ ਤਹਿਤ ਉਕਤ ਪਰਿਵਾਰਾਂ ਕੋਲ ਸਰਪਲਸ ਪਈ ਜ਼ਮੀਨ ਨੂੰ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ’ਚ ਵੰਡਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇ ਇਹ ਸਰਪਲਸ ਜ਼ਮੀਨ ਵਾਲੇ ਜਗੀਰਦਾਰ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਦੇਣ ਤਾਂ ਇਨ੍ਹਾਂ ਨੂੰ ਬਿਨ੍ਹਾਂ ਕੰਮ ਕੀਤਿਆਂ 12 ਹਜ਼ਾਰ 859 ਕ੍ਰੋੜ ਰੁਪਏ ਦੀ ਕਮਾਈ ਹੁੰਦੀ ਹੈ। ਇਸ ਤਰ੍ਹਾਂ ਗਰੀਬਾਂ ਤੇ ਅਮੀਰਾਂ ’ਚ ਪਾੜਾ ਵੱਧਦਾ ਹੈ। ਉਨ੍ਹਾਂ ਦੱਸਿਆ ਕਿ ਭਲਕੇ ਅੱਠ ਸਤੰਬਰ ਨੂੰ ਹੋਣ ਵਾਲੀ ਕਾਨਫਰੰਸ ਦੌਰਾਨ ਇਹੀ ਮੁੱਦਾ ਲੋਕਾਂ ਸਾਹਮਣੇ ਰੱਖਿਆ ਜਾਵੇਗਾ।