ਮੁਆਵਜ਼ੇ ਦੀ ਮੰਗ: ਧਰਨਾਕਾਰੀ ਸਖ਼ਤ ਰੁਖ਼ ਅਪਨਾਉਣ ਦੇ ਰੌਂਅ ’ਚ
ਮੁਕਤਸਰ ਵਿੱਚ ਡੀ ਸੀ ਦਫ਼ਤਰ ਅੱਗੇ ਧਰਨਾ 19ਵੇਂ ਦਿਨ ਵੀ ਜਾਰੀ
ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚ ਵਸਤਾਂ ਖਰੀਦਣ ਤੇ ਟੈਕਸ ਅਦਾ ਕਰਨ ਵਾਲੇ ਅੰਨਦਾਤੇ ਸਰਕਾਰੀ ਖਜ਼ਾਨੇ ਵਿੱਚੋਂ ਮੁਆਵਜ਼ਾ ਲੈਣ ਲਈ ਸਥਾਨਕ ਡੀ. ਸੀ. ਦਫਤਰ ਮੂਹਰੇ ਕ਼ਰੀਬ ਤਿੰਨ ਹਫ਼ਤਿਆਂ ਤੋਂ ਅਣਮਿੱਥੇ ਸਮੇਂ ਦੇ ਧਰਨੇ ’ਤੇ ਬੈਠੇ ਹਨ ਪਰ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਇ ਚੁੱਪ ਧਾਰ ਲਈ ਹੈ। ਸਰਕਾਰ ਦੀ ਅਣਦੇਖੀ ਤੇ ਮੰਗਾਂ ਪ੍ਰਤੀ ਅਪਣਾਏ ਲੋਕ ਵਿਰੋਧੀ ਵਤੀਰੇ ਖ਼ਿਲਾਫ਼ ਕਿਸਾਨਾਂ ਦਾ ਰੋਹ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ ਹੈ। ਅੱਜ ਧਰਨੇ ਦੇ 19ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ)- ਉਗਰਾਹਾਂ ਦੇ ਆਗੂ ਹਰਬੰਸ ਸਿੰਘ ਕੋਟਲੀ, ਨਿਸ਼ਾਨ ਸਿੰਘ ਕੱਖਾਂ ਵਾਲੀ, ਸੱਤਪਾਲ ਸਿੰਘ ਜੈਤੋ ਅਤੇ ਗੁਰਭਗਤ ਸਿੰਘ ਭਲਾਈਆਣਾ ਨੇ ਆਖਿਆ ਕਿ ਸਰਕਾਰ ਉਨ੍ਹਾਂ ਦਾ ਸਬਰ ਪਰਖ ਰਹੀ ਹੈ, ਪਰ ਸਰਕਾਰ ਨੂੰ ਵਕਤ ਦੀ ਕੰਧ ਤੇ ਉਗਰਾਹਾਂ ਜਥੇਬੰਦੀ ਦੇ ਅਮਲ ਤੋਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਖਰ ਮੁਆਵਜ਼ੇ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਜਿੱਤ ਹੋਣੀ ਹੈ ਤੇ ਸਰਕਾਰ ਨੂੰ ਕਿਸਾਨੀ ਸੰਘਰਸ਼ ਮੂਹਰੇ ਝੁਕਣਾ ਪੈਣਾ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਗਲੇ ਸਖ਼ਤ ਐਕਸ਼ਨ ਦੀ ਰੂਪ ਰੇਖਾ ਸੂਬਾ ਕਮੇਟੀ ਦੀ ਅਗਵਾਈ ਵਿੱਚ ਤਿਆਰ ਹੋ ਚੁੱਕੀ ਹੈ ਜਿਸ ਨੂੰ ਜਲਦ ਅਮਲ ਵਿੱਚ ਲਾਗੂ ਕੀਤਾ ਜਾਵੇਗਾ। ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਲੋਕਾਂ ਦੇ ਮੰਗਾਂ ਮਸਲੇ ਹੱਲ ਕਰਨ ਦਾ ਝੂਠ ਜੱਗ ਜ਼ਾਹਰ ਹੋ ਗਿਆ ਹੈ ਜਿਸ ਦੀ ਸਰਕਾਰ ਨੂੰ ਭਾਰੀ ਸਿਅਸੀ ਕੀਮਤ ਚੁਕਾਉਣੀ ਪਵੇਗੀ। ਰੋਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਮੱਤਾ, ਗੁਰਮੀਤ ਸਿੰਘ ਬਿੱਟੂ ਮੱਲਣ, ਬੁਧ ਸਿੰਘ ਰੋੜੀ ਕਪੂਰਾ, ਨਿਰਮਲ ਸਿੰਘ ਜਿਉਣ ਵਾਲਾ, ਮਨੋਹਰ ਸਿੰਘ ਸਿੱਖ ਵਾਲਾ , ਅਜਾਇਬ ਸਿੰਘ ਮੱਲਣ ਤੇ ਬੋਹੜ ਸਿੰਘ ਮਲੋਟ ਆਦਿ ਕਿਸਾਨ ਆਗੂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

