ਮਾਲਵਾ ਖੇਤਰ ਦੇ ਸੈਂਕੜੇ ਪਿੰਡਾਂ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਖੜ੍ਹੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸਰਕਾਰੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਖਰੀਦ ਬੰਦ ਕਰਨ ਦੇ ਆਦੇਸ਼ ਜ਼ਿਲ੍ਹਾ ਖੁਰਾਕ ਸਪਲਾਈਜ਼ ਕੰਟਰੋਲਰ ਵੱਲੋਂ ਕੀਤੇ ਗਏ ਹਨ। ਖ਼ਰੀਦ ਬੰਦ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਭਲਕੇ 15 ਨਵੰਬਰ ਤੋਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਵੇਰਵਿਆਂ ਮੁਤਾਬਕ ਮਾਨਸਾ ਦੇ ਜ਼ਿਲ੍ਹਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਵੱਲੋਂ ਪੱਤਰ ਨੰ:ਅ-2/2025/4790 ਤਹਿਤ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਚੰਡੀਗੜ੍ਹ ਨੂੰ ਲਿਖ ਕੇ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਮਾਰਕੀਟ ਕਮੇਟੀਆਂ ਅਧੀਨ ਆਉਂਦੇ ਮੁੱਖ ਯਾਰਡ, ਸਬ-ਯਾਰਡ ਅਤੇ ਖਰੀਦ ਕੇਂਦਰਾਂ ਨੂੰ ਸਰਕਾਰੀ ਖਰੀਦ ਬੰਦ ਕਰਨ ਲਈ ਕਿਹਾ ਗਿਆ ਹੈ। ਪੱਤਰ ਅਨੁਸਾਰ ਮਾਰਕਫੈੱਡ, ਪਨਸਪ, ਵੇਅਰ ਹਾਊਸ ਨੂੰ ਇਸ ਦੀ ਕਾਪੀ ਕੇ ਜਾਣੂ ਕਰਵਾਇਆ ਗਿਆ। ਇਸ ਪੱਤਰ ਦੀ ਇੱਕ ਕਾਪੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਾਣਕਾਰੀ ਹਿੱਤ ਭੇਜੀ ਗਈ ਹੈ। ਪੱਤਰ ਅਨੁਸਾਰ ਭੀਖੀ, ਬਰੇਟਾ, ਬੋਹਾ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਮਾਰਕੀਟ ਕਮੇਟੀਆਂ ਅਧੀਨ ਆਉਂਦੇ ਖਰੀਦ ਕੇਂਦਰਾਂ ਵਿੱਚ ਖਰੀਦ ਕੱਲ੍ਹ ਤੋਂ ਬੰਦ ਕਰ ਦਿੱਤੀ ਗਈ ਹੈ। ਪੱਤਰ ਦੀ ਜਾਣਕਾਰੀ ਮਿਲਣ ’ਤੇ ਕਿਸਾਨ ਜਥੇਬੰਦੀਆਂ ਦੇ ਆਗੂ ਭੜਕ ਗਏ ਹਨ ਅਤੇ ਉਨ੍ਹਾਂ ਭਲਕੇ 15 ਨਵੰਬਰ ਤੋਂ ਇਸ ਸਬੰਧੀ ਅੰਦੋਲਨ ਆਰੰਭ ਕਰਨ ਦਾ ਫੈਸਲਾ ਕੀਤਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤਾਂ ਵਿੱਚ ਖੜ੍ਹਾ ਝੋਨਾ ਹੋਣ ਦੇ ਬਾਵਜੂਦ ਝੋਨੇ ਦੀ ਸਰਕਾਰੀ ਖਰੀਦ ਬੰਦ ਕਰਨਾ ਗ਼ਲਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਉਹ ਖੇਤਾਂ ਵਿੱਚ ਖੜ੍ਹਾ ਝੋਨਾ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੂੰ ਵਿਖਾ ਸਕਦੇ ਹਨ, ਜਿਸ ਕਰਕੇ ਝੋਨੇ ਦੀ ਨਵੇਂ ਸਿਰੇ ਤੋਂ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਝੋਨੇ ਦਾ ਦਾਣਾ-ਦਾਣਾ ਵਿਕਾ ਕੇ ਦਮ ਲੈਣਗੇ।

