ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਬਰਸੀ ’ਤੇ ਖੂਨਦਾਨ ਕੈਂਪ ਲਾਉਣ ਦਾ ਫ਼ੈਸਲਾ
ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਫਾਊਂਡੇਸ਼ਨ ਵੱਲੋਂ ਆਗਾਮੀ 4 ਸਤੰਬਰ ਨੂੰ ਅਗਰਵਾਲ ਧਰਮਸ਼ਾਲਾ ਏਲਨਾਬਾਦ ਵਿੱਚ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਅੱਠਵੀਂ ਬਰਸੀ ’ਤੇ ਖੂਨਦਾਨ ਕੈਂਪ ਲਾਇਆ ਜਾਵੇਗਾ। ਫਾਊਂਡੇਸ਼ਨ ਦੇ ਪ੍ਰਧਾਨ ਅਮਰਪਾਲ ਸਿੰਘ ਖੋਸਾ ਨੇ ਦੱਸਿਆ ਕਿ ਹੁਣ ਤੱਕ ਕੈਂਪਾਂ ’ਚ ਕਰੀਬ 970 ਯੂਨਿਟ ਖੂਨ ਦਾਨ ਕੀਤਾ ਜਾ ਚੁੱਕਿਆ ਹੈ। ਖੂਨਦਾਨ ਕੈਂਪ ਦੌਰਾਨ ਹਰ ਸਾਲ ਦੀ ਤਰ੍ਹਾਂ ਫਾਊਂਡੇਸ਼ਨ ਵੱਲੋਂ ਏਲਨਾਬਾਦ ਅਤੇ ਪਿੰਡ ਮੌਜੂਖੇੜਾ ਦੇ ਸਰਕਾਰੀ ਸਕੂਲਾਂ ਵਿੱਚੋਂ ਅੱਵਲ ਰਹੇ ਅੱਠ ਬੱਚਿਆਂ ਨੂੰ 5100 ਰੁਪਏ ਦੀ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਬੀਬੀਏ ਅਤੇ ਐੱਲਐੱਲਬੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 4 ਸਤੰਬਰ 2017 ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਫਾਊਂਡੇਸ਼ਨ ਬਣਾ ਕੇ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਬਰਸੀ ਮੌਕੇ 4 ਸਤੰਬਰ ਨੂੰ ਖੂਨਦਾਨ ਕੈਂਪ ਅਤੇ 29 ਮਾਰਚ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਇੱਕ ਵਿਸ਼ਾਲ ਕਬੱਡੀ ਟੂਰਨਾਮੈਂਟ ਲਗਾਤਾਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਾਊਂਡੇਸ਼ਨ ਸਮੇਂ-ਸਮੇਂ ’ਤੇ ਸਮਾਜਿਕ ਕੰਮਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।