ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ ਹਰਜੀਤ ਕੌਰ ਵਿਰਕ ਨੂੰ ਦੇਣ ਦਾ ਫ਼ੈਸਲਾ
ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਐਵਾਰਡ ਇਸ ਵਾਰ ਪੰਜਾਬੀ ਦੀ ਨਾਵਲਕਾਰਾ ਅਤੇ ਕਹਾਣੀਕਾਰਾ ਹਰਜੀਤ ਕੌਰ ਵਿਰਕ ਨੂੰ ਦਿੱਤਾ ਜਾਵੇਗਾ। ਦਸਹਿਰੇ ਮੌਕੇ 2 ਅਕਤੂਬਰ ਨੂੰ ਦਿੱਤੇ ਜਾਣ ਵਾਲੇ ਇਸ ਐਵਾਰਡ ਦਾ ਫ਼ੈਸਲਾ ਕਰਨ ਲਈ ਮੀਟਿੰਗ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਸੰਸਦੀ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤਪ ਅਸਥਾਨ ਘੁੰਨਸ ਵਿੱਚ ਹੋਈ। ਇਸ ਮੌਕੇ ਪ੍ਰਧਾਨ ਸੀ. ਮਾਰਕੰਡਾ, ਜਨਰਲ ਸਕੱਤਰ ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ ਅਤੇ ਭੁਪਿੰਦਰ ਸਿੰਘ ਬੇਦੀ ਅਤੇ ਹੋਰ ਮੈਂਬਰਾਂ ਨੇ ਵੀ ਭਾਗ ਲਿਆ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਹਰਜੀਤ ਕੌਰ ਵਿਰਕ ਦੀਆਂ ਸੱਤ ਪੁਸਤਕਾਂ ਛਪ ਚੁੱਕੀਆਂ ਹਨ। ਉਨ੍ਹਾਂ ਦੱਸਿਆ ਇਸ ਐਵਾਰਡ ਦੀ ਸ਼ੁਰੂਆਤ 1991 ਵਿਚ ਜਸਵੰਤ ਸਿੰਘ ਕੰਵਲ ਨੂੰ ਪਹਿਲਾਂ ਐਵਾਰਡ ਦੇਣ ਨਾਲ ਹੋਈ ਸੀ ਅਤੇ ਉਦੋਂ ਤੋਂ ਹੁਣ ਤੱਕ ਇਹ ਐਵਾਰਡ ਹਰ ਸਾਲ ਇਕ ਜਾਂ ਇਕ ਤੋਂ ਵੱਧ ਲੇਖਕਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਸਨਮਾਨੇ ਲੇਖਕਾਂ ਵਿਚ ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਨਰਿੰਦਰ ਸਿੰਘ ਕਪੂਰ ਦੇ ਨਾਮ ਵੀ ਸ਼ਾਮਲ ਹਨ।