ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਬਰਸੀ ਸਮਾਗਮ ਸ਼ੁਰੂ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਦੇ 11ਵੇਂ ਜਥੇਦਾਰ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਬਰਸੀ ਨੂੰ ਸਮਰਪਿਤ ਅਖੰਡ ਪਾਠ ਅੱਜ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ ਵਿੱਚ ਆਰੰਭ ਹੋਏ। ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਿਹੰਗ ਸਿੰਘ ਫੌਜਾਂ ਸਣੇ ਹਾਜ਼ਰ ਹੋਏ।
ਸਮਾਗਮਾਂ ਦੀ ਸ਼ੁਰੂਆਤ ਮੌਕੇ ਬੁੱਢਾ ਦਲ ਦੇ ਮੁੱਖ ਗ੍ਰੰਥੀ ਬਾਬਾ ਮੱਘਰ ਸਿੰਘ ਤੇ ਭਾਈ ਚਮਕੌਰ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰੀ। ਅਖੰਡ ਪਾਠ ਦੇ ਆਰੰਭਤਾ ਦੀ ਅਰਦਾਸ ਭਾਈ ਮਾਨ ਸਿੰਘ ਲਿਖਾਰੀ ਨੇ ਕੀਤੀ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਥ ਬੁੱਢਾ ਦਲ ਦੇ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਬਾਟਾ ਵੀ ਤਿਆਰ ਕੀਤਾ ਜਾਵੇਗਾ। ਅੰਮ੍ਰਿਤ ਛਕਣ ਵਾਲਿਆਂ ਨੂੰ ਬੁੱਢਾ ਦਲ ਵੱਲੋਂ ਧਾਰਮਿਕ ਸ਼ਾਸਤਰ ਰੱਖਣ ਦੇ ਲਾਇਸੈਂਸ ਦਿੱਤੇ ਜਾਣਗੇ ਤੇ ਨਿਹੰਗ ਸਿੰਘਾਂ ਦੇ ਪੁਰਾਣੇ ਲਾਈਸੈਂਸ ਰੀਨਿਊ ਵੀ ਕੀਤੇ ਜਾਣਗੇ।
ਇਸ ਮੌਕੇ ਬਾਬਾ ਇੰਦਰ ਸਿੰਘ ਘੋੜਿਆਂ ਦੇ ਸੇਵਾਦਾਰ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਭਾਈ ਮੇਜਰ ਸਿੰਘ ਮੁਖਤਿਆਰੇ ਆਮ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਸ਼ੇਰ ਸਿੰਘ ਤਲਵੰਡੀ ਸਾਬੋ ਆਦਿ ਹਾਜ਼ਰ ਸਨ।