ਡੀਸੀ ਨੇ ਵਿਦਿਆਰਥੀਆਂ ਕੋਲੋਂ ਕਰਵਾਈ ਮੈਰਿਟ ਬੋਰਡ ਦੀ ਘੁੰਡ ਚੁਕਾਈ
ਬੋਰਡ ਦੀਆਂ ਕਲਾਸਾਂ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੇ ਨਾਵਾਂ ਵਾਲਾ ਬੋਰਡ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਸ਼ਿੰਗਾਰ ਬਣਿਆ ਹੈ, ਜਿਸ ਦੀ ਘੁੰਡ ਚੁਕਾਈ ਅੱਜ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਵਿਦਿਆਰਥੀਆਂ ਤੋਂ ਕਰਵਾਈ ਗਈ। ਡੀਸੀ ਨੇ ਦੱਸਿਆ ਕਿ ਸਰਵਹਿਤਕਾਰੀ ਵਿਦਿਆ ਮੰਦਿਰ ਦੀ ਵਿਦਿਆਰਥਣ ਹਰਸੀਰਤ ਕੌਰ ਅਤੇ ਅਮਨਪ੍ਰੀਤ ਕੌਰ (ਮਾਤਾ) ਨੇ ਬਾਰ੍ਹਵੀਂ ਵਿਚੋਂ 500 ਵਿਚੋਂ 500 ਅੰਕ ਹਾਸਲ ਕਰਕੇ ਸੂਬੇ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸਵੀਂ ਵਿਚੋਂ ਲਾਲਾ ਜਗਤ ਨਾਥ ਵਿਦਿਆ ਮੰਦਿਰ ਧਨੌਲਾ ਦੇ ਅਮਨਿੰਦਰ ਸਿੰਘ ਨੇ 650 ਵਿਚੋਂ 632 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅੱਠਵੀਂ ਵਿਚੋਂ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੇ ਰਮਨਦੀਪ ਰਾਮ ਨੇ 600 ਵਿਚੋਂ 590 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਰੀਅਰ ਵਿੱਚ ਸਫ਼ਲ ਹੋਣ ਦੇ ਗੁਰ ਦੱਸੇ ਗਏ ਅਤੇ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਡਿਪਟੀ ਕਮਿਸ਼ਨਰ ਨੇ ਅੱਠਵੀਂ ਵਿਚੋਂ ਜ਼ਿਲ੍ਹੇ ਵਿੱਚੋਂ ਪਹਿਲੇ 2 ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ਭੇਜੇ ਪ੍ਰਸ਼ੰਸਾ ਪੱਤਰ ਵੀ ਦਿੱਤੇ। ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਸ਼ਿਵਾਂਸ਼ ਰਾਠੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਰਜਿੰਦਰ ਪਾਲ ਸਿੰਘ, ਸਿਮਰਦੀਪ ਸਿੰਘ ਡੀ ਐਮ ਸਪੋਰਟਸ, ਡੀ ਪੀ ਮਲਕੀਤ ਸਿੰਘ, ਡੀ ਪੀ ਦਲਜੀਤ ਸਿੰਘ, ਜ਼ਿਲ੍ਹਾ ਰੀਸੋਰਸ ਕੋਆਰਡੀਨੇਟਰ ਕਮਲਦੀਪ ਅਤੇ ਉਪਰੋਕਤ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਮੌਜੂਦ ਸੀ।