ਡੀ ਸੀ ਨਵਜੋਤ ਕੌਰ ਨੇ ਜ਼ਿਲ੍ਹੇ ਵਿੱਚ ਸੜਕਾਂ ਦੇ ਨਿਰਮਾਣ ਲਈ ਘਟੀਆ ਸਮੱਗਰੀ ਵਰਤਣ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਾਰੀਆਂ ਨਵੀਆਂ ਬਣੀਆਂ ਸੜਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਤੁਰੰਤ ਲੈਬ ਨੂੰ ਭੇਜ ਕੇ ਪੜਤਾਲੀਆ ਰਿਪੋਰਟ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅੱਜ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਨਾਲ ਲੈ ਕੇ ਨਵੀਂਆਂ ਬਣ ਰਹੀਆਂ ਸੜਕਾਂ ਦਾ ਨਿਰੀਖਣ ਕਰਦਿਆਂ ਨਿਰਮਾਣ ਕਾਰਜਾਂ ਮਿਆਰੀ ਅਤੇ ਮਾਪਦੰਡਾਂ ਮੁਤਾਬਕ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਅਧਿਕਾਰੀ ਜਾਂ ਠੇਕੇਦਾਰ ਦੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਐਕਸੀਅਨ ਮੰਡੀ ਬੋਰਡ ਬਠਿੰਡਾ ਵਿਪਨ ਖੰਨਾ ਨੇ ਦੱਸਿਆ ਕਿ ਕਰੀਬ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਮਾਨਸਾ ਚਕੇਰੀਆਂ ਰੋਡ ਤੋਂ ਨਹਿਰੀ ਕੋਠੀ ਜਵਾਹਰਕੇ ਤੱਕ 2.85 ਕਿਲੋਮੀਟਰ ਲੰਬੀ ਸੜਕ ਬਣਾਈ ਗਈ ਹੈ। ਇਹ ਸੜਕ ਮੰਡੀ ਬੋਰਡ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਅਤੇ ਮਾਨਸਾ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਪੜਤਾਲੀਆ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ।
ਕਰੋੜਾਂ ਰੁਪਏ ਨਾਲ ਸੜਕਾਂ ਦਾ ਕੰਮ ਜਾਰੀ: ਵਿਧਾਇਕ
ਇਸ ਮੌਕੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਹਲਕੇ ਵਿੱਚ ਕਰੋੜਾਂ ਰੁਪਏ ਦੇ ਫੰਡਾਂ ਨਾਲ ਸੜਕਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਚਹਿਰੀ ਰੋਡ ਅਤੇ ਮਹਾਰਾਜਾ ਅਗਰਸੈਨ ਮਾਰਗ (ਗਰੀਨ ਵੈਲੀ) ਰੋਡ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਰਮਨ ਸਿਨੇਮਾ ਬੈਕਸਾਈਡ ਨਹਿਰੂ ਕਾਲਜ ਨੂੰ ਜਾਂਦੀ ਰੋਡ ਅਤੇ ਰਮਨ ਸਿਨੇਮਾ ਦੇ ਅੱਗੋਂ ਦੀ ਮਾਨਸਾ ਖੁਰਦ ਨੂੰ ਜਾਂਦੀ ਸੜਕ ਦਾ ਕਾਰਜ ਵੀ 1-2 ਦਿਨਾਂ ਦੇ ਅੰਦਰ ਹੀ ਆਰੰਭ ਕਰਵਾਇਆ ਜਾ ਰਿਹਾ ਹੈ।

