ਕਿੱਕ ਬਾਕਸਿੰਗ ਦੇ ਜੇਤੂ ਖਿਡਾਰੀਆਂ ਦਾ ਡੀਸੀ ਵੱਲੋਂ ਸਨਮਾਨ
ਛੱਤੀਸਗੜ੍ਹ ਦੇ ਰਾਏਪੁਰ ਵਿੱਚ ਪਿਛਲੇ ਦਿਨੀਂ ਹੋਈ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ 3 ਸੋਨ ਤਗ਼ਮੇ ਅਤੇ 2 ਚਾਂਦੀ ਦੇ ਤਗ਼ਮੇ ਜਿੱਤੇ ਹਨ। ਇਨ੍ਹਾਂ ਵਿਚੋਂ ਕਿੱਕ ਬਾਕਸਿੰਗ ਕੋਚ ਸਣੇ 2 ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ। ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਖਿਡਾਰੀਆਂ ਦਾ ਆਪਣੇ ਦਫ਼ਤਰ ਵਿੱਚ ਸਨਮਾਨ ਕੀਤਾ ਅਤੇ ਆਉਂਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕਿੱਕ ਬਾਕਸਿੰਗ ਖਿਡਾਰੀਆਂ ਨੇ ਕੌਮੀ ਪੱਧਰ ’ਤੇ ਮੱਲਾਂ ਮਾਰੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਖੇਡ ਵਿਭਾਗ ਦੇ ਕੋਚ ਜਸਪ੍ਰੀਤ ਸਿੰਘ ਨੇ ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ 91+ ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ। ਅਕਾਸ਼ਦੀਪ ਸਿੰਘ ਵਾਸੀ ਬਡਬਰ ਨੇ 91 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸੰਨੀ ਕੁਮਾਰ ਵਾਸੀ ਬਰਨਾਲਾ ਨੇ 90 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਪੂਜਾ ਰਾਣੀ ਵਾਸੀ ਬਰਨਾਲਾ ਨੇ 70 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਰਦੀਪ ਕੌਰ ਵਾਸੀ ਧਨੌਲਾ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਖਿਡਾਰੀਆਂ ਵਿਚੋਂ ਕੋਚ ਜਸਪ੍ਰੀਤ ਸਿੰਘ ਢੀਂਡਸਾ ਅਤੇ ਅਕਾਸ਼ਦੀਪ ਸਿੰਘ ਦੀ ਚੋਣ ਵਿਸ਼ਵ ਚੈਂਪੀਅਨਸ਼ਿਪ ਲਈ ਹੋਈ ਹੈ ਜੋ ਕਿ ਨਵੰਬਰ 2025 ਵਿਚ ਅਬੂਧਾਬੀ (ਯੂਏਈ) ਵਿੱਚ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿੱਕ ਬਾਕਸਿੰਗ ਦਾ ਕੋਚਿੰਗ ਸੈਂਟਰ ਮਾਤਾ ਗੁਜਰੀ ਸਕੂਲ ਧਨੌਲਾ ਵਿਚ ਚੱਲ ਰਿਹਾ ਹੈ ਜਿੱਥੇ 30 ਦੇ ਕਰੀਬ ਖਿਡਾਰੀ ਕੋਚਿੰਗ ਲੈ ਰਹੇ ਹਨ।
ਡੱਬੀ: ਮੀਤ ਹੇਅਰ ਵੱਲੋਂ ਖਿਡਾਰੀਆਂ ਨੂੰ ਵਧਾਈ
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿੱਕ ਬਾਕਸਿੰਗ ਦੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਹੈ ਕਿ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਉਤਸ਼ਾਹਿਤ ਕੀਤਾ ਜਾਵੇ ਜਿਸ ਵਾਸਤੇ ਜਿੱਥੇ ਖੇਡ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਓਥੇ ਪਿੰਡ-ਪਿੰਡ ਖੇਡ ਮੈਦਾਨ ਬਣਾਏ ਜਾ ਰਹੇ ਹਨ, ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ।