ਐੱਨਐੱਸਕਿਊਐੱਫ ਵੋਕੇਸ਼ਨਲ ਟੀਚਰਜ਼ ਫਰੰਟ ਵੱਲੋਂ ਡੀ ਸੀ ਨੂੰ ਮੰਗ ਪੱਤਰ
ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨ ਫ਼ਰੇਮਵਰਕ (ਐੱਨਐੱਸਕਿਊਐੱਫ਼) ਵੋਕੇਸ਼ਨਲ ਟੀਚਰਜ਼ ਫਰੰਟ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਤੇ ਮੀਤ ਪ੍ਰਧਾਨ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਡੀਸੀ ਬਰਨਾਲਾ ਟੀ. ਬੈਨਿਥ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਫਰੰਟ ਦੇ ਵਫ਼ਦ ਆਗੂਆਂ ਕਿਹਾ ਕਿ 'ਆਪ' ਸਰਕਾਰ ਇੱਕ ਪਾਸੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਭਵਿੱਖ ਸੰਵਾਰਨ ਦੇ ਦਮਗਜ਼ੇ ਮਾਰ ਰਹੀ ਹੈ। ਦੂਜੇ ਪਾਸੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਵਾਲੇ ਅਧਿਆਪਕ ਖ਼ੁਦ ਆਪ ਪ੍ਰਾਈਵੇਟ ਅਦਾਰਿਆਂ ਦੇ ਸ਼ੋਸ਼ਣ ਦਾ ਸ਼ਿਕਾਰ ਹਨ ਅਤੇ ਚੰਗੇ ਭਵਿੱਖ ਦਾ ਇੰਤਜ਼ਾਰ ਕਰ ਰਹੇ ਹਨ। ਕਿਹਾ ਕਿ ਪਿਛਲੇ 11 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਹ 2633 ਵੋਕੇਸ਼ਨਲ ਟੀਚਰ ਪ੍ਰਾਈਵੇਟ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਆਗੂਆਂ ਮੰਗ ਕੀਤੀ ਕਿ ਇਸ ਸਮੂਹ ਦੇ ਅਧਿਆਪਕਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਨੀਤੀ ਨਾਲ ਜ਼ਲਦ ਪੱਕੇ ਕੀਤਾ ਜਾਵੇ ਤੇ ਅਧਿਆਪਕਾਂ ਉੱਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਵਾਅਦੇ ਅਨੁਸਾਰ ਸਰਕਾਰ ਦੇ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ। ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ। ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਭਰਾਤਰੀ ਜਥੇਬੰਦੀ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ, ਸਕੱਤਰ ਨਿਰਮਲ ਚੁਹਾਣਕੇ, ਜਗਦੇਵ ਸਿੰਘ, ਸੰਦੀਪ ਸਿੰਘ, ਮਨਦੀਪ ਬਾਂਸਲ, ਮਲਕੀਤ ਸਿੰਘ, ਅਲਕਾ ਸਿੰਗਲਾ, ਸਰਬਜੀਤ ਕੌਰ ਅਤੇ ਡੀ.ਟੀ.ਐੱਫ਼ ਵੱਲੋਂ ਅੰਮ੍ਰਿਤਪਾਲ ਕੋਟਦੁੱਨਾ, ਮਾਲਵਿੰਦਰ ਸਿੰਘ, ਦਵਿੰਦਰ ਸਿੰਘ ਤਲਵੰਡੀ, ਰਘਬੀਰ ਕਰਮਗੜ੍ਹ, ਦਰਸ਼ਨ ਬਦਰਾ, ਕੁਲਦੀਪ ਸੰਘੇੜ੍ਹਾ ਅਤੇ ਪਲਵਿੰਦਰ ਠੀਕਰੀਵਾਲਾ ਆਦਿ ਸ਼ਾਮਲ ਸਨ।