ਦੌਧਰ ਹੱਤਿਆ ਕਾਂਡ: ਨਾਨੇ ਦੇ ਕਤਲ ਦਾ ਬਦਲਾ ਦੋਹਤੇ ਨੇ ਲਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਮਈ
ਇਥੇ ਥਾਣਾ ਬੱਧਨੀ ਕਲਾਂ ਦੇ ਪਿੰਡ ਦੌਧਰ ’ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਪੁਲੀਸ ਨੇ ਖੁਲਾਸਾ ਕੀਤਾ ਕਿ ਇਸ ਵਾਰਦਾਤ ਨੂੰ ਅੰਜਾਮ ਪੁਰਾਣੀ ਦੁਸ਼ਮਣੀ ਕਾਰਨ ਦਿੱਤਾ ਗਿਆ ਹੈ। ਪੁਲੀਸ ਨੇ ਮੁਢਲੀ ਪੜਤਾਲ ਤੋਂ ਬਾਅਦ ਇਹ ਖੁਲਾਸੇ ਕੀਤੇ ਹਨ। ਦੂਜੇ ਪਾਸੇ ਹੱਤਿਆ ਦੇ ਮਲਜ਼ਮ ਦੀ ਗ੍ਰਿਫ਼ਤਾਰੀ ਹੋਣ ਉੱਤੇ ਪੀੜਤ ਪਰਿਵਾਰ ਵੱਲੋਂ ਅੱਜ ਪੰਜਵੇਂ ਦਿਨ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।
ਡੀਐੈੱਸਪੀ ਨਿਹਾਲ ਸਿੰਘ ਵਾਲਾ ਐਟ ਬੱਧਨੀ ਕਲਾਂ ਅਨਵਰ ਅਲੀ ਅਤੇ ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ 15 ਮਈ ਨੂੰ ਪਿੰਡ ਦੌਧਰ ਗਰਬੀ ਵਿੱਚ ਇੰਦਰਪਾਲ ਸਿੰਘ ਨਾਮੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ ਪਿੰਡ ਮਾਣੂਕੇ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਤੌਲ 45 ਬੋਰ ਸਮੇਤ 4 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇੰਦਰਪਾਲ ਸਿੰਘ ਨੂੰ ਸਾਲ 2010 ਵਿੱਚ ਪਿੰਡ ਦੌਧਰ ਗਰਬੀ ਦੇ ਸਾਬਕਾ ਸਰਪੰਚ ਰਸ਼ਪਾਲ ਸਿੰਘ ਦੀ ਹੱਤਿਆ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇੰਦਰਪਾਲ ਸਿੰਘ ਨੂੰ ਸਾਲ 2015 ਬਰੀ ਕਰ ਦਿੱਤਾ ਸੀ ਅਤੇ ਬਾਕੀ ਮੁਲਜ਼ਮਾਂ ਨੂੰ ਕੈਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਅਰਸ਼ਪ੍ਰੀਤ ਸਿੰਘ ਪਿੰਡ ਦੌਧਰ ਗਰਬੀ ਦੇ ਸਾਬਕਾ ਸਰਪੰਚ ਮਰਹੂਮ ਰਸ਼ਪਾਲ ਸਿੰਘ ਦਾ ਦੋਹਤਾ ਹੈ। ਇਸੇ ਰੰਜਿਸ਼ ਕਾਰਨ ਅਰਸ਼ਪ੍ਰੀਤ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੇ ਦਿਨ ਮੁਲਜ਼ਮ ਆਪਣੀ ਗੱਡੀ ਵਿੱਚ ਸੀ ਅਤੇ ਉਸ ਨੇ ਲਲਕਾਰਾ ਮਾਰ ਕੇ ਆਪਣੇ ਪਿਸਤੌਲ ਨਾਲ ਇੰਦਰਪਾਲ ਸਿੰਘ ’ਤੇ 3 ਗੋਲੀਆਂ ਚਲਾਈਆਂ ਸਨ, ਜਿਸ ’ਚੋਂ ਇੱਕ ਗੋਲੀ ਇੰਦਰਪਾਲ ਸਿੰਘ ਦੇ ਸਿਰ ਵਿਚ ਲੱਗੀ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਇਸ ਹੱਤਿਆ ਮਗਰੋਂ ਪੀੜਤ ਪਰਿਵਾਰ ਦੀ ਮੰਗ ਸੀ ਕਿ ਜਿੰਨਾ ਚਿਰ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਓਨਾ ਚਿਰ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ-ਪੜਤਾਲ ਕਰਨ ਲਈ ਅਦਲਤ ਵਿਚ ਪੇਸ਼ ਕਰਕੇ ਤਿੰਨ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਕਤ ਵਾਰਦਾਤ ਵਿੱਚ ਕਿਸੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖਿਲ਼ਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।