ਗੁਰੂ ਨਾਨਕ ਕਾਲਜ ’ਚ ਦਰਬਾਰ-ਏ-ਖ਼ਾਲਸਾ ਮਿਊਜ਼ੀਅਮ ਸਥਾਪਤ
ਮਿਊਜ਼ੀਅਮ ’ਚ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਖਾਲਸਾ ਰਾਜ ਦੀ ਮਹਾਨਤਾ ਬਾਰੇ ਮਿਲੇਗੀ ਜਾਣਕਾਰੀ
ਜੋਗਿੰਦਰ ਸਿੰਘ ਮਾਨ
ਮਾਨਸਾ, 19 ਮਾਰਚ
ਗੁਰੂ ਨਾਨਕ ਕਾਲਜ ਬੁਢਲਾਡਾ ਦੇ ਇਤਿਹਾਸ ਵਿਭਾਗ ਵੱੱਲੋਂ ਦਰਬਾਰ-ਏ-ਖ਼ਾਲਸਾ ਮਿਊਜ਼ੀਅਮ ਸਥਾਪਤ ਕਰਕੇ ਵਿਦਿਆਰਥੀਆਂ ਅਤੇ ਇਤਿਹਾਸ ਪ੍ਰੇਮੀਆਂ ਲਈ ਇੱਕ ਵਿਲੱਖਣ ਉਪਰਾਲਾ ਕੀਤਾ ਹੈ। ਇਸ ਮਿਊਜ਼ੀਅਮ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਸੁਖਮਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਸਿੱਖ ਇਤਿਹਾਸ, ਖ਼ਾਲਸਾ ਰਾਜ ਦੀ ਮਹਾਨਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਕ ਦੂਰਦਰਸ਼ਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਮਿਊਜ਼ੀਅਮ ਇਤਿਹਾਸ ਦੀ ਗਹਿਰੀ ਸਮਝ ਦੇਣ ਅਤੇ ਉਨ੍ਹਾਂ ਵਿੱਚ ਵਿਰਾਸਤੀ ਜਾਗਰੂਕਤਾ ਪੈਦਾ ਕਰਨ ਵੱਡੀ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਸੱਤਾ, ਬਹਾਦਰੀ ਅਤੇ ਨੀਤੀ ਦੀ ਝਲਕ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਦੇ ਖੋਲ੍ਹੇ ਜਾਣ ਨਾਲ ਇਤਿਹਾਸਕ ਦਸਤਾਵੇਜ਼ਾਂ ਅਤੇ ਵਿਰਾਸਤੀ ਚੀਜ਼ਾਂ ਨੂੰ ਸੰਭਾਲਣ ਵਲ ਇੱਕ ਵਧੀਆ ਕਦਮ ਚੁੱਕਿਆ ਹੈ ਅਤੇ ਇਲਾਕੇ ਦੇ ਲੋਕ ਇਸ ਵਿਲੱਖਣ ਮਿਊਜ਼ੀਅਮ ਨੂੰ ਵੇਖ ਸਕਣਗੇ ਅਤੇ ਸਿੱਖ ਇਤਿਹਾਸ ਦੀ ਮਹਾਨਤਾ ਨੂੰ ਨੇੜਿਓਂ ਮਹਿਸੂਸ ਕਰ ਸਕਣਗੇ।
ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੀ ਇਤਿਹਾਸਕ ਯਾਦ ਤਾਜ਼ਾ ਕਰਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਊਜ਼ੀਅਮ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ,ਕੜੇ ਖਾਂ ਤੋਪ, ਜ਼ਮਜ਼ਮਾ ਤੋਪ, ਕੋਹਿਨੂਰ ਹੀਰਾ, ਸਿੱਕੇ, ਹੀਰੇ-ਮੋਤੀ ਅਤੇ ਨਾਇਬ ਹਥਿਆਰ ਸੰਕੇਤਕ ਰੂਪ ਵਿਚ ਵਿਖਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਵਿਦਿਆਰਥੀਆਂ ਅਤੇ ਇਤਿਹਾਸ ਪ੍ਰੇਮੀਆਂ ਨੂੰ ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਦੀ ਮਹਾਨਤਾ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਜਾਰੀ ਸੁਨਹਿਰੀ ਅਤੇ ਚਾਂਦੀ ਦੇ ਸਿੱਕੇ ਵੀ ਮਿਊਜ਼ੀਅਮ ਵਿੱਚ ਪ੍ਰਦਰਸ਼ਤਿ ਕੀਤੇ ਗਏ ਹਨ ਅਤੇ ਇਹ ਸਿੱਕੇ ਨਾਨਕਸ਼ਾਹੀ ਮੁਦਰਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਜੋ ਸਿੱਖ ਰਾਜ ਦੀ ਆਤਮ-ਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ ਹੀਰੇ-ਮੋਤੀ ਅਤੇ ਸ਼ਾਹੀ ਗਹਿਣੇ ਸੰਕੇਤਕ ਰੂਪ ਵਿਚ ਸ਼ਾਮਲ ਕੀਤੇ ਹਨ।
ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਿਊਜ਼ੀਅਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਵਿੱਚ ਖ਼ਾਲਸਾ ਰਾਜ ਨੇ ਸ਼ਾਨਦਾਰ ਤਰੀਕੇ ਨਾਲ ਵਿਕਾਸ ਕੀਤਾ ਅਤੇ ਇਹ ਮਿਊਜ਼ੀਅਮ ਉਸ ਦੀ ਇੱਕ ਛੋਟੀ, ਪਰ ਮਹੱਤਵਪੂਰਨ ਝਲਕ ਪੇਸ਼ ਕਰਦਾ ਹੈ।