ਡੀ ਏ ਪੀ ਖਾਦ ਦੀ ਘਾਟ ਪੂਰੀ ਕਰਨ ਅਤੇ ਖਾਦਾਂ ਨਾਲ ਹੋਰ ਬੇਲੋੜਾ ਸਾਮਾਨ ਦੇਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਲਾਏ ਗਏ ਧਰਨੇ ਤੋਂ ਬਾਅਦ ਖੇਤੀਬਾੜੀ ਵਿਭਾਗ ਜਾਗਿਆ ਹੈ। ਵਿਭਾਗ ਨੇ ਹੁਣ ਡੀ ਏ ਪੀ ਵਾਧੂ ਹੋਣ ਦਾ ਦਾਅਵਾ ਕੀਤਾ ਹੈ ਜਦੋਂਕਿ ਸਹਿਕਾਰੀ ਸੁਸਾਇਟੀਆਂ ਵਿੱਚ ਅਜੇ ਵੀ ਖਾਦ ਦੀ ਕਮੀ ਹੈ।
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਅਨੁਸਾਰ ਜ਼ਿਲ੍ਹੇ ਵਿੱਚ ਇਸ ਹਾੜ੍ਹੀ ਦੌਰਾਨ 1,71,000 ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਜਿਸ ਲਈ 23,741 ਮੀਟ੍ਰਿਕ ਟਨ ਫਾਸਫੋਰਸ ਖਾਦ ਦੀ ਲੋੜ ਹੈ, ਜਿਸ ਵਿੱਚੋਂ 13,290 ਮੀਟ੍ਰਿਕ ਟਨ ਖਾਦ ਮਾਨਸਾ ਵਿੱਚ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਾਸਫੋਰਸ ਦੇ ਬਦਲਵੇਂ ਪ੍ਰਬੰਧ ਵਜੋਂ ਟੀ ਐੱਸ ਪੀ ਖਾਦ, ਜਿਸ ਵਿੱਚ 46 ਫ਼ੀਸਦੀ ਫਾਸਫੋਰਸ ਹੁੰਦੀ ਹੈ, ਉਹ ਖਾਦ ਹੁਣ 3900 ਮੀਨ੍ਰਿਕ ਟਨ ਆ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 6550 ਮੀਟ੍ਰਿਕ ਟਨ ਡੀ ਏ ਪੀ ਖਾਦ ਦੇ ਰੈਕ ਅਗਲੇ 7 ਦਿਨਾਂ ਵਿੱਚ ਆ ਜਾਣਗੇ। ਉਨ੍ਹਾਂ ਖਾਦ ਵਿਕਰੇਤਾਵਾਂ ਨੂੰ ਖਾਦਾਂ ਨਾਲ ਕਿਸੇ ਵੀ ਕਿਸਮ ਦੀ ਬੇਲੋੜੀ ਚੀਜ਼ ਦੀ ਟੈਗਿੰਗ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਫਾਲਤੂ ਵਿੱਤੀ ਬੋਝ ਤੋਂ ਬਚਾਇਆ ਜਾ ਸਕੇ।

