DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

DAP crisis: ਡੀਏਪੀ ਦੀ ਜਮ੍ਹਾਂਖ਼ੋਰੀ: ਫ਼ਿਰੋਜ਼ਪੁਰ ਦਾ ਖੇਤੀਬਾੜੀ ਅਫ਼ਸਰ ਤੇ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸਣੇ ਦੋ ਅਧਿਕਾਰੀ ਮੁਅੱਤਲ

ਮਾਰਕਫੈੱਡ ਦੇ ਡੀਐੱਮ ਤੇ ਐੱਫਐੱਸਓ ਖ਼ਿਲਾਫ਼ ਹੋਈ ਕਾਰਵਾਈ; ਜਮ੍ਹਾਂਖ਼ੋਰੀ ਤੇ ਕਾਲਾਬਾਜ਼ਾਰੀ ਰਾਹੀਂ ਹੱਥ ਰੰਗਣ ਲਈ ਸਟੋਰ ਕੀਤੀ ਖਾਦ ਦਾ ਜ਼ਖ਼ੀਰਾ ਮਿਲਿਆ
  • fb
  • twitter
  • whatsapp
  • whatsapp
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 7 ਨਵੰਬਰ

Advertisement

ਪੰਜਾਬ ਸਰਕਾਰ ਨੇ ਸੂਬੇ ਵਿਚ ਡੀਏਪੀ ਖਾਦ ਦੀ ਕਮੀ ਦੇ ਮੱਦੇਨਜ਼ਰ ਡਿਊਟੀ ਵਿਚ ਕੋਤਾਹੀ ਦੇ ਦੋਸ਼ ਹੇਠ ਵੀਰਵਾਰ ਨੂੰ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ ਅਤੇ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ (DM) ਕਮਲਦੀਪ ਸਿੰਘ ਤੇ ਮਾਰਕਫੈੱਡ ਦੇ ਐੱਫਐੱਸਓ (FSO) ਵਿਕਾਸ ਕੁਮਾਰ ਨੂੰ ਫ਼ੌਰੀ ਤੌਰ ’ਤੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੁਅੱਤਲੀ ਦੀ ਇਹ ਕਾਰਵਾਈ ਕਥਿਤ ਤੌਰ ’ਤੇ ਜਮ੍ਹਾਂਖ਼ੋਰੀ ਤੇ ਕਾਲਾਬਾਜ਼ਾਰੀ ਰਾਹੀਂ ਹੱਥ ਰੰਗਣ ਲਈ ਸਟੋਰ ਕੀਤੀ ਗਈ ਡੀਏਪੀ ਖਾਦ ਦਾ ਜ਼ਖ਼ੀਰਾ ਮਿਲਣ ਉੱਤੇ ਕੀਤੀ ਗਈ ਹੈ।

ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਨੁਰਾਗ ਵਰਮਾ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹਵਾਲੇ ਨਾਲ ਜਾਰੀ ਹੁਕਮਾਂ ਤਹਿਤ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ (MD) ਦੇ ਦਸਤਖ਼ਤ ਹੇਠ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਮੈਨੇਜਰ ਕਮਲਦੀਪ ਸਿੰਘ ਅਤੇ ਐੱਫਐੱਸਓ ਵਿਕਾਸ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ।

ਇਸ ਬਾਬਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਮੈਸਰਜ਼ ਸਚਦੇਵਾ ਟਰੇਡਰਜ਼, ਫਿਰੋਜ਼ਪੁਰ ਦੇ ਵੱਖ-ਵੱਖ ਗੁਦਾਮਾਂ ਦੀ ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਦੀ ਨਿਗਰਾਨੀ ਹੇਠ ਚੈਕਿੰਗ ਕਰਵਾਉਣ ’ਤੇ ਪਾਇਆ ਗਿਆ ਕਿ ਇਸ ਫਰਮ ਵੱਲੋਂ ਨਾਜਾਇਜ਼ ਤੌਰ ਤੇ ਕਰੀਬ 161.8 ਐਮਟੀ (3236 ਬੈਗ) ਡੀਏਪੀ ਖਾਦ ਦੀ ਅਣਅਧਿਕਾਰਤ ਤੌਰ ’ਤੇ ਸਟੋਰੇਜ ਕੀਤੀ ਗਈ ਹੈ।

ਪੜਤਾਲ ਦੌਰਾਨ ਫਰਮ ਦੇ ਮਾਲਕਾਂ ਵੱਲੋਂ ਗੁਦਾਮਾਂ ਵਿੱਚ ਪਈ ਖਾਦ ਦਾ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਇਸ ਬਾਬਤ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੂੰ ਮੁਅੱਤਲ ਮੁੱਖ ਖੇਤੀਬਾੜੀ ਅਧਿਕਾਰੀ ਜੰਗੀਰ ਸਿੰਘ ਤੇ ਦੂਜੇ ਅਧਿਕਾਰੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਜਦ ਕਿ ਸੂਬਾ ਸਰਕਾਰ ਵੱਲੋਂ ਡੀਏਪੀ ਖਾਦ ਸੰਕਟ ਅਤੇ ਕਮੀ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫਸਰਾਂ ਨੂੰ ਇਸ ਸਬੰਧੀ ਚੈਕਿੰਗ ਕਰਨ ਲਈ ਆਦੇਸ਼ ਦਿੱਤੇ ਜਾਂਦੇ ਰਹੇ ਹਨ।

ਇਸ ਗੰਭੀਰ ਕੁਤਾਹੀ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  ਮੁਅੱਤਲੀ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ  ਦਾ  ਹੈਡਕੁਆਰਟਰ  ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸਏਐਸ ਨਗਰ (ਮੁਹਾਲੀ) ਨਿਸ਼ਚਿਤ ਕੀਤਾ ਗਿਆ ਹੈ। ਸਰਕਾਰ ਨੇ  ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਦਾ ਵਾਧੂ ਚਾਰਜ ਸੰਦੀਪ ਕੁਮਾਰ, ਮੁੱਖ ਖੇਤੀਬਾੜੀ ਅਫਸਰ,  ਫਾਜ਼ਿਲਕਾ ਨੂੰ ਬਿਨਾਂ ਕਿਸੇ ਵਾਧੂ  ਮਿਹਨਤਾਨੇ ਤੋਂ  ਅਗਲੇ ਹੁਕਮਾਂ ਤੱਕ ਦਿੱਤਾ ਹੈ।

ਪੰਜਾਬ ’ਚ ਹੁਣ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਵਧ ਗਈ ਹੈ ਸੂਬੇ ਦੀ ਕਿਸਾਨੀ ਨੂੰ ਮੰਡੀਆਂ ਵਿਚ ਝੋਨਾ ਵੇਚਣ ਸਮੇਤ ਇੱਕੋ ਵੇਲੇ ਦੋ ਦੋ ਸੰਕਟ ਝੱਲਣੇ ਪੈ ਰਹੇ ਹਨ। ਇਸ ਸੰਕਟ ਵਿਚ ਡੀਲਰਾਂ ਵੱਲੋਂ ਡੀਏਪੀ ਖਾਦ ਵਿਚੋਂ ਹੱਥ ਰੰਗੇ ਜਾ ਰਹੇ ਹਨ। ਪ੍ਰਾਈਵੇਟ ਡੀਲਰ ਕਿਸਾਨਾਂ ਦੀ ਮਜਬੂਰੀ ਨਾਜਾਇਜ਼ ਲਾਹਾ ਲੈ ਰਹੇ ਹਨ। ਖਾਦ ਦਾ ਗੱਟਾ 1350 ਰੁਪਏ ਦਾ ਹੈ ਪਰ ਕਿਸਾਨਾਂ ਨੂੰ ਪ੍ਰਤੀ ਗੱਟਾ ਤਿੰਨ ਤੋਂ ਚਾਰ ਸੌ ਰੁਪਏ ਦੇ ਵਾਧੂ ਦੇ ਥੋਪੇ ਜਾ ਰਹੇ ਹਨ। ਕਿਸਾਨਾਂ ਦੀ ਡੀਲਰਾਂ ਹੱਥੋਂ ਹੋ ਰਹੀ ਲੁੱਟ ਨੂੰ ਰੋਕਣ ਵਾਸਤੇ ਸਰਕਾਰ ਸੂਬੇ ਵਿਚ ਤੇਜ਼ੀ ਨਾਲ ਛਾਪੇਮਾਰੀ ਕਰ ਰਹੀ ਹੈ।

Advertisement
×